Punjab

ਨਸ਼ਿਆਂ ਖਿਲਾਫ਼ ਚੱਲ ਰਹੀ ਮੁਹਿੰਮ ’ਚ ਜਲਾਲਾਬਾਦ ‘ਚ ਵੱਡੀ ਲਾਪਰਵਾਹੀ, ਮਹਿਲਾ ਨਸ਼ਾ ਤਸਕਰ ਥਾਣੇ ’ਚੋਂ ਫ਼ਰਾਰ; 4 ਪੁਲਿਸ ਮੁਲਾਜ਼ਮ ਮੁਅੱਤਲ

ਫਾਜ਼ਿਲਕਾ, 3 ਅਪ੍ਰੈਲ-ਨਸ਼ਿਆਂ ਦੇ ਖਿਲਾਫ਼ ਚੱਲ ਰਹੀ ਪੰਜਾਬ ਪੁਲਿਸ ਦੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਥਾਣਾ ਵੈਰੋ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਨਸ਼ਾ ਤਸਕਰੀ ਕਰਦੀਆਂ ਦੋ ਔਰਤਾਂ ਨੂੰ ਕਾਬੂ ਕਰਨ ਤੋਂ ਬਾਅਦ, ਪੁਲਿਸ ਹਿਰਾਸਤ ’ਚ ਬੰਦ ਤਸਕਰ ਰੇਖਾ ਰਾਣੀ ਲਖੀ ਪੁੱਤਰੀ ਮਹਿੰਦਰ ਸਿੰਘ ਵਾਸੀ ਕਾਠਗੜ੍ਹ ਪੁਲਿਸ ਦੀ ਲਾਪਰਵਾਹੀ ਕਾਰਨ ਫਰਾਰ ਹੋ ਗਈ, ਜਿਸ ਨਾਲ ਪੁਲਿਸ ਵਿਭਾਗ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਹੋ ਰਹੇ ਹਨ। ਜਾਣਕਾਰੀ ਮੁਤਾਬਕ ਥਾਣਾ ਵੈਰੋ ਦੀ ਪੁਲਿਸ ਨੇ ਦੋ ਔਰਤ ਨਸ਼ਾ ਤਸਕਰਾਂ ਰੇਖਾ ਰਾਣੀ ਲਖੀ ਅਤੇ ਮਾਨੋ ਬਾਈ ਪਤਨੀ ਕਰਨੈਲ ਸਿੰਘ (ਦੋਨੋ ਵਾਸੀ ਕਾਠਗੜ੍ਹ) ਨੂੰ 35 ਗ੍ਰਾਮ ਹੈਰੋਇਨ ਸਮੇਤ ਗਿਰਫ਼ਤਾਰ ਕੀਤਾ ਸੀ। ਦੋਹਾਂ ਨੂੰ ਥਾਣਾ ਵੈਰੋ ਵਿੱਚ ਹਿਰਾਸਤ ’ਚ ਰੱਖਿਆ ਗਿਆ ਸੀ ਪਰ ਬਾਅਦ ਵਿੱਚ ਰੇਖਾ ਰਾਣੀ ਨੇ ਪਖਾਨੇ ਜਾਣ ਦੇ ਬਹਾਨੇ ਪੁਲਿਸ ਨੂੰ ਚਕਮਾ ਦੇ ਦਿੱਤਾ ਅਤੇ ਫਰਾਰ ਹੋ ਗਈ। ਘਟਨਾ ਮਗਰੋਂ ਉੱਚ ਅਧਿਕਾਰੀਆਂ ਨੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰਵਾਈ। ਸ਼ੁਰੂਆਤੀ ਜਾਂਚ ’ਚ ਚਾਰ ਪੁਲਿਸ ਕਰਮਚਾਰੀਆਂ ਦੀ ਲਾਪਰਵਾਹੀ ਸਾਹਮਣੇ ਆਈ, ਜਿਸ ਕਾਰਨ ਉਨ੍ਹਾਂ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ। ਪੁਲਿਸ ਵੱਲੋਂ ਰੇਖਾ ਰਾਣੀ ਖਿਲਾਫ਼ ਨਵਾਂ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਘਟਨਾ ਕਾਰਨ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕ ਪੁਲਿਸ ਪ੍ਰਸ਼ਾਸਨ ਤੋਂ ਸਖਤ ਕਾਰਵਾਈ ਦੀ ਮੰਗ ਕਰ ਰਹੇ ਹਨ। ਜਦ ਪੁਲਿਸ ਦੇ ਉਪ ਕਪਤਾਨ ਜਤਿੰਦਰ ਸਿੰਘ ਗਿੱਲ ਤੋਂ ਮੁਅੱਤਲ ਕਰਮਚਾਰੀਆਂ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਨੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।

Related Articles

Leave a Reply

Your email address will not be published. Required fields are marked *

Back to top button