Punjab

ਨਸ਼ਾ ਵੇਚਣ ਤੋਂ ਰੋਕਣ ’ਤੇ ਤਸਕਰਾਂ ਨੇ ਮੁਹੱਲੇ ’ਚ ਕੀਤੀ ਗੁੰਡਾਗਰਦੀ

ਲੁਧਿਆਣਾ, 19 ਅਗਸਤ : ਲੁਧਿਆਣਾ ਨੌਜਵਾਨਾਂ ਨੂੰ ਨਸ਼ਾ ਵੇਚਣ ਲਈ ਆਉਣ ਵਾਲੇ ਤਸਕਰਾਂ ਨੂੰ ਇਲਾਕੇ ਵਿੱਚ ਆ ਕੇ ਨਸ਼ਾ ਵੇਚਣ ਤੋਂ ਰੋਕਿਆ ਤਾਂ ਬੇਖੌਫ ਹਥਿਆਰਬੰਦ ਹਮਲਾਵਰਾਂ ਨੇ ਮੁਹੱਲਾ ਵਾਸੀਆਂ ਉੱਪਰ ਹਮਲਾ ਕਰਕੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ। ਘਟਨਾ ਥਾਣਾ ਮਾਡਲ ਟਾਊਨ ਅਧੀਨ ਅੰਬੇਡਕਰ ਨਗਰ ਦੀ ਹੈ ਜਦ ਡੇਢ ਤੋਂ ਦੋ ਦਰਜ਼ਨ ਹਥਿਆਰਬੰਦ ਨੌਜਵਾਨਾਂ ਨੇ ਮੁਹੱਲੇ ਵਿੱਚ ਵੜਕੇ ਗਲੀ ’ਚ ਖੜੀਆਂ ਕਾਰਾਂ ਅਤੇ ਦੋਪਹੀਆ ਵਾਹਨਾਂ ਦੀ ਭੰਨ ਤੋੜ ਕਰਨੀ ਸ਼ੁਰੂ ਕਰ ਦਿੱਤੀ। ਅਚਾਨਕ ਹੋਈ ਇਸ ਗੁੰਡਾਗਰਦੀ ਤੋਂ ਭੈਅਭੀਤ ਇਲਾਕਾ ਵਾਸੀਆਂ ਨੇ ਆਪਣੇ ਆਪ ਨੂੰ ਘਰਾਂ ਅੰਦਰ ਬੰਦ ਕਰਕੇ ਜਾਨ ਬਚਾਈ ਅਤੇ ਅਜੇ ਤੱਕ ਔਰਤਾਂ ਅਤੇ ਬੱਚੇ ਦਹਿਸ਼ਤਜ਼ਦਾ ਹਾਲਤ ਵਿੱਚ ਹਨ। ਇਸ ਵਾਰਦਾਤ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਮਾਡਲ ਟਾਊਨ ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਸੁਰਾਗ ਇਕੱਠੇ ਕਰਕੇ ਹਮਲਾਵਰਾਂ ਦੀ ਸ਼ਨਾਖਤ ਅਤੇ ਗ੍ਰਿਫਤਾਰੀ ਲਈ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਲਾਕਾ ਵਾਸੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਥਾਨਕ ਅੰਬੇਦਕਰ ਨਗਰ ਮੁਹੱਲੇ ਵਿੱਚੋਂ ਬਾਹਰ ਦੇ ਕੁਝ ਸ਼ੱਕੀ ਅਤੇ ਦਬੰਗ ਕਿਸਮ ਦੇ ਨੌਜਵਾਨ ਨਸ਼ਾ ਵੇਚਣ ਲਈ ਚੱਕਰ ਲਗਾਉਂਦੇ ਰਹਿੰਦੇ ਸਨ। ਮੁਹੱਲਾ ਵਾਸੀਆਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਬਿਨ੍ਹਾਂ ਮਤਲਬ ਤੋਂ ਮੁਹੱਲੇ ਵਿੱਚ ਘੁੰਮਣ ਅਤੇ ਚਿੱਟਾ ਵੇਚਣ ਵਾਲਿਆਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਰੰਜਿਸ਼ ਦੇ ਤਹਿਤ ਬੀਤੀ ਦੇਰ ਰਾਤ ਤੇਜਧਾਰ ਹਥਿਆਰਾਂ ਨਾਲ ਲੈਸ ਹੋ ਕੇ ਆਏ ਇਨ੍ਹਾਂ ਹਮਲਾਵਰਾਂ ਨੇ ਮੁਹੱਲੇ ਵਿੱਚ ਖੜੀਆਂ ਕਾਰਾਂ ਦੀ ਭੰਨ ਤੋੜ ਕਰਨੀ ਸ਼ੁਰੂ ਕਰ ਦਿੱਤੀ ਅਤੇ ਕਈ ਘਰਾਂ ਤੇ ਪੱਥਰਬਾਜ਼ੀ ਵੀ ਕੀਤੀ। ਮੁਹੱਲਾ ਵਾਸੀਆਂ ਮੁਤਾਬਕ ਹਮਲਾਵਰਾਂ ਨੇ ਬੋਤਲਾਂ ਵਿੱਚ ਪੈਟਰੋਲ ਭਰ ਕੇ ਪੈਟਰੋਲ ਬੰਬ ਬਣਾਏ ਅਤੇ ਦਹਿਸ਼ਤ ਫੈਲਾਉਣ ਲਈ ਬਾਹਰ ਖੜੀਆਂ ਕਾਰਾਂ ਦੀ ਭੰਨ ਤੋੜ ਸ਼ੁਰੂ ਕਰ ਦਿੱਤੀ। ਜਦੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਹਮਲਾਵਰਾਂ ਨੇ ਤੇਜ਼ਧਾਰ ਹਥਿਆਰ ਨਾਲ ਇੱਕ ਨੌਜਵਾਨ ਦੀ ਬਾਂਹ ਤੇ ਫੱਟ ਮਾਰੇ। ਉਨ੍ਹਾਂ ਦੱਸਿਆ ਕਿ ਅੰਬੇਦਕਰ ਨਗਰ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਬੀਤੇ ਕੁਝ ਸਮੇਂ ਤੋਂ ਇੱਕ ਬਦਨਾਮ ਨਸ਼ਾ ਸਮਗਲਰ ਆਪਣੇ ਨੈਟਵਰਕ ਰਾਹੀਂ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚ ਧੱਕ ਕੇ ਸਪਲਾਈ ਦੇਣ ਦਾ ਕਾਰੋਬਾਰ ਕਰ ਰਿਹਾ ਹੈ। ਮੁਹੱਲਾ ਵਾਸੀਆਂ ਨੇ ਚਿੱਟਾ ਵੇਚਣ ਵਾਲਿਆਂ ਖਿਲਾਫ ਆਵਾਜ਼ ਚੁੱਕਦੇ ਹੋਏ ਇਨ੍ਹਾਂ ਦੀ ਮੁਹੱਲੇ ਵਿੱਚ ਆਵਾਜਾਈ ਉੱਪਰ ਰੋਕ ਲਗਾਉਣ ਲਈ ਸਖਤੀ ਕੀਤੀ ਤਾਂ ਬਦਲੇ ਵਿੱਚ ਉਨ੍ਹਾਂ ਮੁਹੱਲਾ ਵਾਸੀਆਂ ਉੱਪਰ ਹੀ ਹਮਲਾ ਕਰ ਦਿੱਤਾ। ਮੋਟਰਸਾਈਕਲਾਂ ਤੇ ਸਵਾਰ ਹੋ ਕੇ ਆਏ ਹਮਲਾਵਰਾਂ ਨੇ ਸੜਕਾਂ ਉੱਪਰ ਸ਼ਰੇਆਮ ਤਲਵਾਰਾਂ ਲਹਿਰਾਈਆਂ ਅਤੇ ਪੈਟਰੋਲ ਬੰਬ ਦਾ ਇਸਤੇਮਾਲ ਕੀਤਾ। ਇਹੋ ਨਹੀਂ ਉਨ੍ਹਾਂ ਕਈ ਘਰਾਂ ਉੱਪਰ ਪੱਥਰਬਾਜੀ ਕਰਕੇ ਘਰੇਲੂ ਸਮਾਨ ਅਤੇ ਦਰਵਾਜੇ ਬਾਰੀਆਂ ਦੀ ਭੰਨ ਤੋੜ ਕੀਤੀ। ਇਸ ਮਾਮਲੇ ਵਿੱਚ ਥਾਣਾ ਮਾਡਲ ਟਾਊਨ ਦੇ ਮੁੱਖ ਅਫਸਰ ਇੰਸਪੈਕਟਰ ਬਲਵਿੰਦਰ ਸਿੰਘ ਮੁਤਾਬਕ ਸ਼ੁਰੂਆਤੀ ਪੜਤਾਲ ਵਿੱਚ ਪਤਾ ਲੱਗਾ ਕਿ ਸ਼ਰਾਬੀ ਹਾਲਤ ਵਿੱਚ ਇੱਕ ਦੂਜੇ ਨਾਲ ਹੋਈ ਤਕਰਾਰ ਮਗਰੋਂ ਕੁਝ ਹਥਿਆਰਬੰਦਾਂ ਨੇ ਰੰਜਿਸ਼ ਵਿੱਚ ਹਮਲਾ ਕੀਤਾ। ਇਸ ਮਾਮਲੇ ਵਿੱਚ ਚਿੱਟਾ ਵੇਚਣ ਨੂੰ ਲੈ ਕੇ ਹੋਈ ਲੜਾਈ ਸਬੰਧੀ ਕੋਈ ਪੁਖਤਾ ਜਾਣਕਾਰੀ ਸਾਹਮਣੇ ਨਹੀਂ ਆਈ ਬਹਿਰਹਾਲ ਗੁੰਡਾਗਰਦੀ ਕਰਨ ਵਾਲੇ ਅੰਸਰਾਂ ਦੀ ਸ਼ਨਾਖਤ ਲਈ ਇਲਾਕੇ ਵਿੱਚ ਲੱਗੇ ਕਈ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button