
ਲੁਧਿਆਣਾ, 31 ਜੁਲਾਈ : ਮਹਾਨਗਰ ਦੀ ਪੁਲਿਸ ਅਤੇ ਨਗਰ ਨਿਗਮ ਦੀ ਟੀਮ ਵੱਲੋਂ ਸਾਂਝੇ ਤੌਰ ਤੇ ਕਾਰਵਾਈ ਕਰਦਿਆਂ ਕੋਟ ਮੰਗਲ ਸਿੰਘ ਇਲਾਕੇ ਚ ਨਸ਼ਾ ਤਸਕਰ ਅੰਕੁਰ ਸਿੰਗਲਾ ਉਰਫ ਕਾਕਾ ਦੀ ਗੈਰ ਕਾਨੂੰਨੀ ਜਾਇਦਾਦ ਨੂੰ ਬੁੱਧਵਾਰ ਦੁਪਿਹਰ ਢਾਹ ਦਿੱਤਾ। ਪੁਲਿਸ ਮੁਤਾਬਕ ਅੰਕੁਰ ਸਿੰਗਲਾ ਖਿਲਾਫ ਨਸ਼ੀਲੇ ਪਦਾਰਥ ਅਤੇ ਮਨੋਵਿਗਿਆਨਕ ਨਸ਼ਿਆਂ ਸਬੰਧੀ ਐਕਟ (ਐੱਨੱਡੀਪੀਐੱਸ) 8 ਕੇਸ ਦਰਜ ਹਨ। ਪੁਲਿਸ ਦਾ ਕਹਿਣਾ ਹੈ ਉਹ ਪਿਛਲੇ ਕਈ ਸਾਲਾਂ ਤੋਂ ਨਸ਼ਾ ਤਸਕਰੀ ਚ ਲਿਪਤ ਸੀ ਅਤੇ ਇਸ ਸਮੇਂ ਜੇਲ੍ਹ ਚ ਬੰਦ ਹੈ। ਬੁੱਧਵਾਰ ਦੁਪਹਿਰ 2 ਵਜੇ ਦੇ ਕਰੀਬ ਡੀਸੀਪੀ (ਇਨਵੈਸਟੀਗੇਸ਼ਨ) ਹਰਪਾਲ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੇ ਅੰਕੁਰ ਦੀ ਰਿਹਾਇਸ਼ ਤੇ ਕਾਰਵਾਈ ਕਰਦਿਆਂ ਉਸ ਦੀ ਗੈਰ ਕਾਨੂੰਨੀ ਉਸਾਰੀ ਤੋੜੀ। ਅਧਿਕਾਰੀਆਂ ਨੇ ਦੱਸਿਆ ਕਿ ਨਗਰ ਨਿਗਮ ਨੇ ਪਹਿਲਾਂ ਹੀ ਇਸ ਜਾਇਦਾਦ ਨੂੰ ਗੈਰ-ਕਾਨੂੰਨੀ ਘੋਸ਼ਿਤ ਕਰ ਦਿੱਤਾ ਸੀ। ਡੀਸੀਪੀ ਹਰਪਾਲ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਲੋਕਾਂ ਨੂੰ ਪੁਲਿਸ ਅਤੇ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ। ਇਸੇ ਮੌਕੇ ਇਲਾਕਾ ਨਿਵਾਸੀਆਂ ਨੇ ਵੀ ਪੁਲਿਸ ਦੀ ਇਸ ਕਾਰਵਾਈ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਦੱਸਿਆ ਕਿ ਅੰਕੁਰ ਸਿੰਗਲਾ ਵਿਰੁੱਧ ਉਹ ਪਹਿਲਾਂ ਵੀ ਕਈ ਵਾਰ ਸ਼ਿਕਾਇਤਾਂ ਕਰ ਚੁੱਕੇ ਸਨ। ਉਹ ਹਮੇਸ਼ਾ 15-20 ਦਿਨ ਬਾਅਦ ਜ਼ਮਾਨਤ ਤੇ ਆ ਜਾਂਦਾ ਸੀ ਤੇ ਮੁੜ ਨਸ਼ਾ ਵੇਚਣਾ ਸ਼ੁਰੂ ਕਰ ਦਿੰਦਾ ਸੀ ਪਰ ਇਸ ਵਾਰੀ ਉਸ ਦੀ ਜਾਇਦਾਦ ਢਾਹੀ ਜਾਣ ਨਾਲ ਸਾਡੀ ਗੱਲ ਸੁਣੀ ਗਈ ਹੈ।



