
ਐਸ.ਐਸ. ਨਗਰ, 25 ਮਾਰਚ-ਐੱਨਸੀਬੀ ਵੱਲੋਂ 2021 ਵਿੱਚ 21.370 ਕਿਲੋਗ੍ਰਾਮ ਚਰਸ ਸਮੇਤ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਮੁਹਾਲੀ ਦੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਨੇ ਐਨਸੀਬੀ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਤਿੰਨ ਦੋਸ਼ੀਆਂ ਦੇਸ ਰਾਜ, ਵਿਜੇ ਅਤੇ ਪੁਸ਼ਪ ਰਾਜ ਨੂੰ ਐੱਨਡੀਪੀਐੱਸ ਐਕਟ ਦੀ ਧਾਰਾ 20 (ਸੀ), 28, 27 ਏ ਤਹਿਤ 15-15 ਸਾਲ ਦੀ ਕੈਦ ਅਤੇ ਡੇਢ-ਡੇਢ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ।ਚੌਥੇ ਦੋਸ਼ੀ, ਯਸ਼ਵੰਤ ਉਰਫ ਰਿਤਿਕ, ਨੂੰ ਐਨਡੀਪੀਐਸ ਐਕਟ ਦੀ ਧਾਰਾ 20 (ਸੀ) ਤਹਿਤ 10 ਸਾਲ ਦੀ ਕੈਦ ਅਤੇ ਇੱਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਮਿਲੀ। ਜੇਕਰ ਦੋਸ਼ੀ ਜੁਰਮਾਨਾ ਅਦਾ ਨਹੀਂ ਕਰਦੇ, ਤਾਂ ਉਨ੍ਹਾਂ ਨੂੰ 6 ਮਹੀਨੇ ਦੀ ਵਾਧੂ ਕੈਦ ਕੱਟਣੀ ਪਵੇਗੀ। ਐਨ ਸੀ ਬੀ ਦੇ ਅਧਿਕਾਰੀਆਂ ਮੁਤਾਬਕ, ਦੇਸ ਰਾਜ ਅਤੇ ਯਸ਼ਵੰਤ ਉਰਫ ਰਿਤਿਕ ਤੋਂ 21.370 ਕਿਲੋਗ੍ਰਾਮ ਚਰਸ ਬਰਾਮਦ ਹੋਈ ਸੀ। ਪੁਸ਼ਪ ਰਾਜ, ਦੇਸ ਰਾਜ ਦੇ ਨਾਲ ਮਿਲ ਕੇ ਚਰਸ ਦੀ ਸਪਲਾਈ ਕਰਦਾ ਸੀ, ਜਦਕਿ ਵਿਜੇ, ਨਸ਼ੇ ਦੀ ਤਸਕਰੀ ਦੀ ਯੋਜਨਾ ਬਣਾਉਂਦਾ ਅਤੇ ਉਨ੍ਹਾਂ ਤੱਕ ਸਪਲਾਈ ਪਹੁੰਚਾਉਂਦਾ ਸੀ।



