Punjab

ਨਸ਼ਾ ਤਸਕਰਾਂ ਦੀ ਪ੍ਰਾਪਰਟੀ ‘ਤੇ ਪੀਲਾ ਪੰਜਾ ਚਲਾ ਕੇ ਬਣਾਇਆ ਗਿਆ ਘਰ ਢਾਹਿਆ ਗਿਆ

ਬਾਲ ਕਿਸ਼ਨ

ਫਿਰੋਜ਼ਪੁਰ, 13 ਜੁਲਾਈ : ਪੰਜਾਬ ਸਰਕਾਰ ਵੱਲੋਂ ਚਲਾਈ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅੱਜ ਸਬ ਡਵੀਜ਼ਨ ਜ਼ੀਰਾ ਪੁਲਿਸ ਵੱਲੋਂ ਡੀਐੱਸਪੀ ਜ਼ੀਰਾ ਗੁਰਦੀਪ ਸਿੰਘ ਦੀ ਅਗਵਾਈ ਅਤੇ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ਦੇ ਹੁਕਮਾਂ ਤਹਿਤ ਸਥਾਨਕ ਮੱਲੋਕੇ ਰੋਡ ਜ਼ੀਰਾ ਤੇ ਸਥਿਤ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਤੇ ਪੀਲਾ ਪੰਜਾ ਜੇਸੀਬੀ ਚਲਾ ਕੇ ਤਸਕਰਾਂ ਵੱਲੋਂ ਨਸ਼ਾ ਵੇਚ ਕੇ ਬਣਾਇਆ ਗਿਆ ਘਰ ਢਾਹਿਆ ਗਿਆ। ਇਸ ਸਬੰਧੀ ਭੁਪਿੰਦਰ ਸਿੰਘ ਸਿੱਧੂ ਐੱਸਐੱਸਪੀ ਫਿਰੋਜ਼ਪੁਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਸਥਾਨਕ ਮੱਲੋਕੇ ਰੋਡ ਤੇ ਇੱਕ ਨਸ਼ਾ ਤਸਕਰ ਵੱਲੋਂ ਬਣਾਈ ਗਈ ਪ੍ਰਾਪਰਟੀ (ਮਕਾਨ) ਜੋ ਕਿ ਕੈਲਾਸ਼ ਕੌਰ ਪਤਨੀ ਸਵਰਨ ਸਿੰਘ ਵਾਸੀ ਮੁਹੱਲਾ ਚਾਹ ਬੇਰੀਆਂ ਜਿਨ੍ਹਾਂ ਦੇ ਪਰਿਵਾਰ ’ਤੇ ਨਸ਼ਾ ਵੇਚਣ ਅਤੇ ਨਾਜਾਇਜ਼ ਸ਼ਰਾਬ ਵੇਚਣ ਆਦਿ ਦੇ ਕਰੀਬ 16 ਪਰਚੇ ਦਰਜ ਹਨ, ਵੱਲੋਂ ਪੀਡਬਲਿਯੂਡੀ ਦੀ ਜਗ੍ਹਾ ’ਤੇ ਨਜਾਇਜ਼ ਤੌਰ ’ਤੇ ਉਸਾਰੀ ਕੀਤੀ ਗਈ ਸੀ ਅਤੇ ਨਜਾਇਜ਼ ਕਬਜ਼ੇ ਵਾਲੀ ਜਗ੍ਹਾ ਤੇ ਨਸ਼ਾ ਵੇਚ ਕੇ ਮਕਾਨ ਉਸਾਰਿਆ ਗਿਆ ਸੀ, ਵਿਰੁੱਧ ਮਾਨਯੋਗ ਅਦਾਲਤ ਵੱਲੋਂ ਜਾਰੀ ਹੁਕਮਾਂ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਕਾਰਵਾਈ ਕਰਦਿਆਂ ਇਨ੍ਹਾਂ ਦੀ ਜਾਇਦਾਦ ਨੂੰ ਢਾਹਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ। ਐੱਸਐੱਸਪੀ ਫਿਰੋਜ਼ਪੁਰ ਨੇ ਅੱਗੇ ਦੱਸਿਆ ਕਿ ਇਸ ਪਰਿਵਾਰ ਦੇ ਵੱਖ-ਵੱਖ ਮੈਂਬਰਾਂ ਤੇ 2018 ਤੋਂ 2023 ਤੱਕ 18 ਦੇ ਕਰੀਬ ਪਰਚੇ ਦਰਜ ਹਨ, ਜਿਸ ਵਿੱਚ ਐਕਸਾਈਜ਼ ਐਕਟ ਤਹਿਤ ਚਾਰ ਪਰਚੇ, ਐੱਨਡੀਪੀਐੱਸ ਐਕਟ ਦੇ ਤਹਿਤ ਚਾਰ ਪਰਚੇ ਦਰਜ ਹੋਏ ਹਨ ਅਤੇ ਇਹ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਨਸ਼ੇ ਵੇਚ ਰਿਹਾ ਸੀ, ਜਿਸ ਵਿਰੁੱਧ ਕੇਸ ਤਿਆਰ ਕਰਨ ਉਪਰੰਤ ਇਹ ਸਖਤ ਕਾਰਵਾਈ ਕੀਤੀ ਗਈ ਹੈ। ਇਸ ਮੌਕੇ ਕੈਲਾਸ਼ ਕੌਰ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਪ੍ਰਸ਼ਾਸਨ ਦੇ ਅਧਿਕਾਰੀਆਂ ਅੱਗੇ ਘਰ ਨਾ ਢਾਉਣ ਦੀ ਗੁਹਾਰ ਲਗਾਈ ਗਈ ,ਪਰ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਹ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰ ਰਹੇ ਹਨ। ਇਸ ਮੌਕੇ ਤਹਿਸੀਲਦਾਰ ਜ਼ੀਰਾ ਸਤਵਿੰਦਰਪਾਲ ਸਿੰਘ, ਡੀਐੱਸਪੀ ਜ਼ੀਰਾ ਗੁਰਦੀਪ ਸਿੰਘ, ਡੀਐੱਸਪੀ ਸੁਖਵਿੰਦਰ ਸਿੰਘ, ਐੱਸਐੱਚਓ ਥਾਣਾ ਸਿਟੀ ਜ਼ੀਰਾ ਬਲਜਿੰਦਰ ਸਿੰਘ ਬਾਜਵਾ, ਐੱਸਐੱਚਓ ਥਾਣਾ ਸਦਰ ਬਲਜਿੰਦਰ ਸਿੰਘ, ਨਗਰ ਕੌਂਸਲ ਜ਼ੀਰਾ ਦੇ ਈਓ ਨਰਿੰਦਰ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਤਾਇਨਾਤ ਸਨ।

Related Articles

Leave a Reply

Your email address will not be published. Required fields are marked *

Back to top button