Punjab

ਨਸ਼ਾ ਤਸਕਰਾਂ ‘ਤੇ ਪੁਲਿਸ ਦਾ ਵੱਡਾ ਐਕਸ਼ਨ: ਜਮਸ਼ੇਰ ਖ਼ਾਸ ‘ਚ ਬੁਲਡੋਜ਼ਰ ਨਾਲ ਢਾਹੀ ਨਾਜਾਇਜ਼ ਉਸਾਰੀ

ਜਲੰਧਰ, 10 ਮਾਰਚ : ਜਲੰਧਰ ਪੁਲਿਸ ਨੇ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ ਪਿੰਡ ਜਮਸ਼ੇਰ ਖ਼ਾਸ ਵਿੱਚ ਇੱਕ ਬਦਨਾਮ ਨਸ਼ਾ ਤਸਕਰ ਵੱਲੋਂ ਕੀਤੀ ਗਈ ਨਾਜਾਇਜ਼ ਉਸਾਰੀ ਨੂੰ ਢਾਹ ਦਿੱਤਾ ਹੈ। ਪੁਲਿਸ ਨੇ ਇਹ ਕਾਰਵਾਈ ਪ੍ਰਸ਼ਾਸਨ ਦੀ ਸ਼ਿਕਾਇਤ ਤੋਂ ਬਾਅਦ ਕੀਤੀ, ਜਿਸ ਵਿੱਚ ਦੱਸਿਆ ਗਿਆ ਸੀ ਕਿ ਤਸਕਰ ਨੇ ਪਿੰਡ ਦੀ ਜਨਤਕ ਜ਼ਮੀਨ ‘ਤੇ ਕਬਜ਼ਾ ਕਰਕੇ ਉਸਾਰੀ ਕੀਤੀ ਹੋਈ ਸੀ। ਏ.ਡੀ.ਸੀ.ਪੀ. ਹਰਿੰਦਰ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਇਲਾਕੇ ਦੇ ਬੀ.ਡੀ.ਪੀ.ਓ. ਅਤੇ ਤਹਿਸੀਲਦਾਰ ਵੱਲੋਂ ਸ਼ਿਕਾਇਤ ਮਿਲੀ ਸੀ। ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਪਿੰਡ ਦੀ ਛੱਪੜ (ਪੰਚਾਇਤੀ) ਜ਼ਮੀਨ ‘ਤੇ ਨਾਜਾਇਜ਼ ਤੌਰ ‘ਤੇ ਉਸਾਰੀ ਕੀਤੀ ਗਈ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਉਸਾਰੀ ਨਸ਼ਾ ਤਸਕਰ ਜੇਮਸ ਉਰਫ਼ ਸਾਬੀ ਵੱਲੋਂ ਕਰਵਾਈ ਗਈ ਸੀ। ਪੁਲਿਸ ਅਨੁਸਾਰ ਜੇਮਸ ਉਰਫ਼ ਸਾਬੀ ਵਿਰੁੱਧ ਨਸ਼ਾ ਤਸਕਰੀ ਸਮੇਤ ਕੁੱਲ 16 ਮਾਮਲੇ ਦਰਜ ਸਨ ਅਤੇ ਉਹ ਲੰਬੇ ਸਮੇਂ ਤੋਂ ਪੁਲਿਸ ਰਿਕਾਰਡ ਵਿੱਚ ਇੱਕ ਸਰਗਰਮ ਤਸਕਰ ਵਜੋਂ ਦਰਜ ਸੀ। ਹਾਲਾਂਕਿ ਦਸੰਬਰ 2025 ਵਿੱਚ ਜੇਲ੍ਹ ਦੇ ਅੰਦਰ ਉਸਦੀ ਮੌਤ ਹੋ ਗਈ ਸੀ। ਇਸ ਦੇ ਬਾਵਜੂਦ ਉਸਦੇ ਪਰਿਵਾਰਕ ਮੈਂਬਰ ਕਥਿਤ ਤੌਰ ‘ਤੇ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਦੱਸੇ ਜਾ ਰਹੇ ਹਨ। ਏ.ਡੀ.ਸੀ.ਪੀ. ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਸਾਂਝੀ ਕਾਰਵਾਈ ਕਰਦੇ ਹੋਏ ਨਾਜਾਇਜ਼ ਉਸਾਰੀ ਨੂੰ ਬੁਲਡੋਜ਼ਰ ਦੀ ਮਦਦ ਨਾਲ ਢਾਹ ਦਿੱਤਾ। ਉਨ੍ਹਾਂ ਕਿਹਾ ਕਿ ਪਿੰਡ ਦੀ ਜਨਤਕ ਜ਼ਮੀਨ ‘ਤੇ ਕਬਜ਼ਾ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਜਲੰਧਰ ਪੁਲਿਸ ‘ਨਸ਼ੇ ਵਿਰੁੱਧ ਜੰਗ’ ਮੁਹਿੰਮ ਤਹਿਤ ਨਸ਼ਾ ਤਸਕਰਾਂ ਵਿਰੁੱਧ ਲਗਾਤਾਰ ਸਖ਼ਤ ਕਾਰਵਾਈ ਕਰ ਰਹੀ ਹੈ। ਇਸੇ ਮੁਹਿੰਮ ਤਹਿਤ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਦੀਆਂ ਜਾਇਦਾਦਾਂ ਅਤੇ ਨਾਜਾਇਜ਼ ਉਸਾਰੀਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗੇ ਵੀ ਅਜਿਹੇ ਮਾਮਲਿਆਂ ਵਿੱਚ ਸਖ਼ਤ ਕਾਰਵਾਈ ਜਾਰੀ ਰਹੇਗੀ, ਤਾਂ ਜੋ ਨਸ਼ੇ ਦੇ ਨੈੱਟਵਰਕ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾ ਸਕੇ ਅਤੇ ਨੌਜਵਾਨਾਂ ਨੂੰ ਇਸ ਬੁਰਾਈ ਤੋਂ ਬਚਾਇਆ ਜਾ ਸਕੇ।

Related Articles

Leave a Reply

Your email address will not be published. Required fields are marked *

Back to top button