ਨਵਜੋਤ ਕੌਰ ਸਿੱਧੂ ਨੇ CM ਮਾਨ ਤੋਂ ਮੰਗੀ ਸੁਰੱਖਿਆ, ਕਿਹਾ- ਮੈਨੂੰ ਇਸ ਦੀ ਲੋੜ ਹੈ, ਨਹੀਂ ਤਾਂ ਤੁਸੀਂ ਜ਼ਿੰਮੇਵਾਰ ਹੋਵੋਗੇ

ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ/ਜਲੰਧਰ, 13 ਦਸੰਬਰ : ਡਾ. ਨਵਜੋਤ ਕੌਰ ਸਿੱਧੂ, ਜਿਨ੍ਹਾਂ ਨੂੰ ‘ਮੁੱਖ ਮੰਤਰੀ ਦੀ ਕੁਰਸੀ ਲਈ ₹500 ਕਰੋੜ’ ਵਾਲੇ ਬਿਆਨ ਤੋਂ ਬਾਅਦ ਕਾਂਗਰਸ ਤੋਂ ਸਸਪੈਂਡ ਕਰ ਦਿੱਤਾ ਗਿਆ ਸੀ। ਦਰਅਸਲ ਉਨ੍ਹਾਂ ਦੇ ਇਸ ਬਿਆਨ ਨਾਲ ਵੱਡਾ ਸਿਆਸੀ ਵਿਵਾਦ ਖੜ੍ਹਾ ਹੋ ਗਿਆ ਹੈ ਤੇ ਹੁਣ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਸਾਹਮਣੇ ਚੁੱਕੇ ਮੁੱਦਿਆਂ ‘ਤੇ ਮੁੱਖ ਮੰਤਰੀ ਦੀ ‘ਚੁੱਪੀ’ ‘ਤੇ ਵੀ ਸਵਾਲ ਉਠਾਇਆ ਤੇ ਉਨ੍ਹਾਂ ਸਿਰ ‘ਸ਼ਰਾਬ ਅਤੇ ਮਾਈਨਿੰਗ ਮਾਫੀਆ ਨੂੰ ਹੱਲਾਸ਼ੇਰੀ ਦੇਣ’ ਦਾ ਦੋਸ਼ ਮੜ੍ਹਿਆ। ਨਵਜੋਤ ਕੌਰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੀ ਪਤਨੀ ਹਨ। ਮੁੱਖ ਮੰਤਰੀ ਦੀ ਕੁਰਸੀ ਲਈ ₹500 ਕਰੋੜ ਵਾਲੇ ਬਿਆਨ ਤੋਂ ਬਾਅਦ ਪੰਜਾਬ ਕਾਂਗਰਸ ਨੇ ਉਨ੍ਹਾਂ ਨੂੰ ਆਪਣੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ (ਸਸਪੈਂਡ) ਕਰ ਦਿੱਤਾ ਸੀ। ਸ਼ੁੱਕਰਵਾਰ (12 ਦਸੰਬਰ, 2025) ਰਾਤ ਨੂੰ ‘X’ (ਪਹਿਲਾਂ ਟਵਿੱਟਰ) ‘ਤੇ ਕੀਤੀ ਇੱਕ ਪੋਸਟ ‘ਚ ਉਨ੍ਹਾਂ ਕਿਹਾ, “CM ਭਗਵੰਤ ਮਾਨ ਜੀ, ਮੈਨੂੰ ਲੱਗਦਾ ਹੈ ਕਿ ਹੁਣ ਮੈਨੂੰ ਸੁਰੱਖਿਆ ਦੀ ਜ਼ਰੂਰਤ ਹੈ, ਨਹੀਂ ਤਾਂ ਤੁਸੀਂ ਜ਼ਿੰਮੇਵਾਰ ਹੋਵੋਗੇ। ਕਿਰਪਾ ਕਰ ਕੇ ਜਵਾਬ ਦਿਓ ਕਿ ਪੰਜਾਬ ਦੇ ਰਾਜਪਾਲ ਸਾਹਮਣੇ ਮੇਰੇ ਵੱਲੋਂ ਚੁੱਕੇ ਗਏ ਮੁੱਦਿਆਂ ‘ਤੇ ਤੁਹਾਡੇ ਵੱਲੋਂ ਕੋਈ ਜਵਾਬ ਕਿਉਂ ਨਹੀਂ ਆਇਆ ? ਤੁਸੀਂ ਸ਼ਰਾਬ ਤੇ ਮਾਈਨਿੰਗ ਮਾਫੀਆ ਨੂੰ ਹੱਲਾਸ਼ੇਰੀ ਕਿਉਂ ਦੇ ਰਹੇ ਹੋ?” ਇਸ ਦੇ ਨਾਲ ਹੀ ਉਨ੍ਹਾਂ ਉਸ ਮੰਗ ਪੱਤਰ ਦੀ ਇਕ ਕਾਪੀ ਵੀ ਪੋਸਟ ਕੀਤੀ ਜਿਸ ਵਿੱਚ ਉਨ੍ਹਾਂ ਮੁੱਦਿਆਂ ਦਾ ਜ਼ਿਕਰ ਸੀ, ਜੋ ਉਨ੍ਹਾਂ ਨੇ ਹਾਲ ਹੀ ਵਿੱਚ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਦੌਰਾਨ ਉਠਾਏ ਸਨ। ਇਸ ਵਿੱਚ ਡਾ. ਨਵਜੋਤ ਨੇ ਭਗਵੰਤ ਮਾਨ ਸਰਕਾਰ ‘ਤੇ ‘ਜ਼ਮੀਨ ਘੁਟਾਲੇ’ ਦਾ ਦੋਸ਼ ਵੀ ਲਗਾਇਆ। ਉਨ੍ਹਾਂ ਦਾਅਵਾ ਕੀਤਾ ਸੀ ਕਿ ਕੁਝ ‘ਵੱਡੇ ਲੋਕਾਂ’ ਨੇ ‘ਸ਼ਿਵਾਲਿਕ ਪਹਾੜੀਆਂ ਦੇ ਆਲੇ-ਦੁਆਲੇ ਦੀ ਸੁਰੱਖਿਅਤ ਜੰਗਲੀ ਜ਼ਮੀਨ’ ‘ਤੇ ਕਬਜ਼ਾ ਕਰ ਲਿਆ ਹੈ ਤੇ CM ਇਸ ਨੂੰ ਨਿਯਮਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਰਾਜਪਾਲ ਨਾਲ ਮੁਲਾਕਾਤ ‘ਚ ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਸੀ ਕਿ ਰਾਜ ਵਿੱਚ ਕਾਨੂੰਨ ਵਿਵਸਥਾ ‘ਵਿਗੜ ਰਹੀ ਹੈ’। ਕੈਪਟਨ ਅਮਰਿੰਦਰ ਸਿੰਘ ਨੂੰ ਲੰਮੇਂ ਹੱਥੀਂ ਲੈਂਦਿਆਂ ਉਨ੍ਹਾਂ ਕਿਹਾ ਕਿ ਤੁਸੀਂ ਪਹਿਲਾਂ ਮੈਨੂੰ ਇਹ ਦੱਸੋ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਭੇਜੀਆਂ ਅਹਿਮ ਫਾਈਲਾਂ ਨੂੰ ਤੁਸੀਂ ਕਲੀਅਰ ਕਿਉਂ ਨਹੀਂ ਕੀਤਾ ਜਿਹੜੀਆਂ ਕੀ ਪੰਜਾਬ ਦੇ ਵਿਕਾਸ ਲਈ ਕਾਫੀ ਮਹੱਤਵਪੂਰਨ ਸਨ।



