
ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 13 ਦਸੰਬਰ : ਤਰਨਤਾਰਨ ਵਿਧਾਨ ਸਭਾ ਸੀਟ ’ਤੇ ਹੋਈ ਜ਼ਿਮਨੀ ਚੋਣ ਦੌਰਾਨ ਬੇਨਿਯਮੀਆਂ ਦੇ ਦੋਸ਼ਾਂ ਤੋਂ ਬਾਅਦ ਚੋਣ ਕਮਿਸ਼ਨ ਵੱਲੋਂ ਮੁਅੱਤਲ ਕੀਤੀ ਗਈ ਤਰਨਤਾਰਨ ਦੀ ਐੱਸਐੱਸਪੀ ਰਵਜੋਤ ਕੌਰ ਗਰੇਵਾਲ ਖਿਲਾਫ਼ ਚਾਰਜਸੀਟ ਜਾਰੀ ਕਰ ਦਿੱਤੀ ਗਈ ਹੈ। ਸਰਕਾਰ ਨੇ ਗਰੇਵਾਲ ਨੂੰ ਇਕ ਮਹੀਨੇ ਦੇ ਅੰਦਰ ਜਵਾਬ ਦੇਣ ਲਈ ਨੋਟਿਸ ਜਾਰੀ ਕੀਤਾ ਹੈ। ਸਾਬਕਾ ਐੱਸਐੱਸਪੀ ਦੇ ਜਵਾਬ ਦੇਣ ਬਾਅਦ ਸਰਕਾਰ ਕਿਸੇ ਸੀਨੀਅਰ ਅਧਿਕਾਰੀ ਨੂੰ ਜਾਂਚ ਅਧਿਕਾਰੀ ਨਿਯੁਕਤ ਕਰ ਸਕਦੀ ਹੈ। ਉਨ੍ਹਾਂ ’ਤੇ ਚੋਣ ਪ੍ਰਕਿਰਿਆ ਦੌਰਾਨ ਪੱਖਪਾਤੀ ਵਿਹਾਰ ਦਾ ਦੋਸ਼ ਹੈ। ਇਹ ਉਹੀ ਦੋਸ਼ ਹਨ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੋਣ ਕਮਿਸ਼ਨ ਨੂੰ ਦਿੱਤੀ ਗਈ ਲਿਖਤੀ ਸ਼ਿਕਾਇਤ ’ਚ ਲਗਾਏ ਸਨ। ਉਨ੍ਹਾਂ ਪੱਤਰ ’ਚ ਕਿਹਾ ਸੀ ਕਿ ਐੱਸਐੱਸਪੀ ਨੇ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਫ਼ਾਇਦਾ ਪਹੁੰਚਾਉਣ ਲਈ ਪੁਲਿਸ ਦੀ ਦੁਰਵਰਤੋਂ ਕੀਤੀ ਹੈ। ਮੁਅੱਤਲੀ ਦੇ ਕਰੀਬ ਇਕ ਮਹੀਨੇ ਬਾਅਦ ਚਾਰਜਸ਼ੀਟ ਜਾਰੀ ਕਰਨ ਪਿੱਛੇ, ਪਹਿਲਾਂ ਮੁਅਤਲੀ ਦੇ ਆਰਡਰ ਰੱਦ ਕਰਨ ਦੇ ਯਤਨਾਂ ਤੇ ਫਿਰ ਮੁੱਖ ਮੰਤਰੀ ਦੀ ਵਿਦੇਸ਼ ਯਾਤਰਾ ਨੂੰ ਕਾਰਨ ਦੱਸਿਆ ਜਾ ਰਿਹਾ ਹੈ। ਇਸ ਜ਼ਿਮਨੀ ਚੋਣ ’ਚ ਆਮ ਆਦਮੀ ਪਾਰਟੀ ਦੀ ਜਿੱਤ ਹੋ ਚੁੱਕੀ ਹੈ ਪਰ ਅਜੇ ਤੱਕ ਚੋਣ ਕਮਿਸ਼ਨ ਨੇ ਆਪਣੇ ਮੁਅੱਤਲੀ ਦੇ ਹੁਕਮ ਵਾਪਸ ਨਹੀਂ ਲਏ। ਸੂਤਰਾਂ ਅਨੁਸਾਰ ਪੰਜਾਬ ਸਰਕਾਰ ਰਵਜੋਤ ਕੌਰ ਨੂੰ ਬਹਾਲ ਕਰਨਾ ਚਾਹੁੰਦੀ ਹੈ, ਪਰ ਸਾਲ 2023 ’ਚ ਚੋਣ ਕਮਿਸ਼ਨ ਨੇ ਸਾਰੇ ਸੂਬਿਆ ਨੂੰ ਜਾਰੀ ਪੱਤਰ ’ਚ ਸਪੱਸ਼ਟ ਨਿਰਦੇਸ਼ ਦਿੱਤੇ ਹੋਏ ਹਨ ਕਿ ਚੋਣ ਡਿਊਟੀ ਦੌਰਾਨ ਕਾਰਵਾਈ ਦਾ ਸਾਹਮਣਾ ਕਰਨ ਵਾਲੇ ਕਿਸੇ ਵੀ ਅਧਿਕਾਰੀ ਨੂੰ ਬਹਾਲ ਕਰਨ ਤੋਂ ਪਹਿਲਾਂ ਕਮਿਸ਼ਨ ਦੀ ਪ੍ਰਵਾਨਗੀ ਲੈਣੀ ਜਰੂਰੀ ਹੈ। ਦੱਸਿਆ ਜਾਂਦਾ ਹੈ ਕਿ ਰਵਜੋਤ ਕੌਰ ਦੀ ਬਹਾਲੀ ਦਾ ਆਧਾਰ ਹੁਣ ਉਨ੍ਹਾਂ ਵੱਲੋਂ ਦਿੱਤੇ ਜਾਣ ਵਾਲੇ ਲਿਖ਼ਤੀ ਜਵਾਬ ਤੇ ਚੋਣ ਕਮਿਸ਼ਨ ਦੇ ਰੁਖ਼ ’ਤੇ ਨਿਰਭਰ ਰਹੇਗੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬ ਦੇ ਚੋਣ ਇਤਿਹਾਸ ’ਚ ਇਹ ਪਹਿਲੀ ਘਟਨਾ ਹੈ ਜਦੋਂ ਕਿਸੇ ਐੱਸਐੱਸਪੀ ਨੂੰ ਚੋਣਾਂ ਦੌਰਾਨ ਮੁਅੱਤਲ ਕੀਤਾ ਗਿਆ ਹੋਵੇ।



