Punjab

ਨਕਲੀ ਸਾਧੂ ਨੇ ਅਗਵਾ ਕੀਤੀ ਸੀ ਨਾਬਾਲਿਗ ਲੜਕੀ

ਲੁਧਿਆਣਾ, 13 ਮਈ- ਸਥਾਨਕ ਢੰਡਾਰੀ ਖੁਰਦ ਇਲਾਕੇ ਤੋਂ ਕਰੀਬ 3 ਦਿਨ ਪਹਿਲਾਂ ਸ਼ੱਕੀ ਹਾਲਾਤ ’ਚ ਲਾਪਤਾ ਹੋਈ ਨਾਬਾਲਿਗ ਲੜਕੀ ਨੂੰ ਥਾਣਾ ਫੋਕਲ ਪੁਆਇੰਟ ਪੁਲਿਸ ਨੇ ਫੌਰੀ ਕਾਰਵਾਈ ਕਰਦੇ ਹੋਏ ਵਾਰਦਾਤ ਤੋਂ ਤੀਜੇ ਦਿਨ ਹੀ ਉੱਤਰਾਖੰਡ ਤੋਂ ਬਰਾਮਦ ਕਰ ਲਿਆ ਹੈ। ਲੜਕੀ ਨੂੰ ਬਰਾਮਦ ਕਰਨ ਮਗਰੋਂ ਪੁਲਿਸ ਨੇ ਨਾਬਾਲਿਗਾ ਨੂੰ ਵਰਗਲਾ ਕੇ ਲੈ ਜਾਣ ਵਾਲੇ ਮੁਲਜ਼ਮ ਨੂੰ ਵੀ ਹਿਰਾਸਤ ’ਚ ਲੈ ਲਿਆ। ਪੁਲਿਸ ਅਧਿਕਾਰੀਆਂ ਮੁਤਾਬਕ ਮੁਲਜ਼ਮ ਨਕਲੀ ਸਾਧੂ ਬਣ ਕੇ ਇਲਾਕੇ ’ਚ ਘੁੰਮ ਰਿਹਾ ਸੀ ਤੇ ਲੜਕੀ ਨੂੰ ਵਰਗਲਾ ਕੇ ਸਿੱਧਾ ਉੱਤਰਾਖੰਡ ਲੈ ਗਿਆ ਸੀ। ਇਸ ਮਾਮਲੇ ’ਚ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ-4 ਮਨਦੀਪ ਸਿੰਘ, ਸਹਾਇਕ ਕਮਿਸ਼ਨਰ ਪੁਲਿਸ ਜਸਬਿੰਦਰ ਸਿੰਘ, ਥਾਣਾ ਫੋਕਲ ਪੁਆਇੰਟ ਦੇ ਮੁੱਖ ਅਫਸਰ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਚੌਕੀ ਢੰਡਾਰੀ ਕਲਾਂ ਦੇ ਇੰਚਾਰਜ ਸਹਾਇਕ ਥਾਣੇਦਾਰ ਕ੍ਰਿਸ਼ਨ ਲਾਲ ਦੀ ਅਗਵਾਈ ’ਚ ਪੁਲਿਸ ਨੇ ਇਹ ਕਾਮਯਾਬੀ ਦਰਜ ਕੀਤੀ ਹੈ। ਜ਼ਿਕਰਯੋਗ ਹੈ ਕਿ ਸਥਾਨਕ ਢੰਡਾਰੀ ਖੁਰਦ ਦੇ ਰਹਿਣ ਵਾਲੇ ਵਿਅਕਤੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਕਰੀਬ 10 ਸਾਲ ਦੀ ਨਾਬਾਲਿਗ ਲੜਕੀ ਉਸ ਵੇਲੇ ਘਰੋਂ ਲਾਪਤਾ ਹੋ ਗਈ, ਜਦੋਂ ਪਤੀ-ਪਤਨੀ ਆਪਣੇ ਕੰਮ ਤੇ ਗਏ ਹੋਏ ਸਨ। ਉਹ ਸ਼ਾਮ ਕਰੀਬ 5 ਵਜੇ ਕੰਮ ਤੋਂ ਵਾਪਸ ਆਏ ਤਾਂ ਪਤਾ ਲੱਗਾ ਕੀ ਲੜਕੀ ਗਾਇਬ ਹੈ, ਉਨ੍ਹਾਂ ਤੁਰੰਤ ਉਕਤ ਮਾਮਲਾ ਥਾਣਾ ਫੋਕਲ ਪੁਆਇੰਟ ਪੁਲਿਸ ਦੇ ਧਿਆਨ ’ਚ ਲਿਆਂਦਾ। ਨਾਬਾਲਿਗ ਲੜਕੀ ਦੀ ਗੁੰਮਸ਼ੁਦਗੀ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਪੁਲਿਸ ਨੇ ਇਲਾਕੇ ’ਚ ਲੱਗੇ ਕਈ ਸੀਸੀਟੀਵੀ ਕੈਮਰੇ ਖੰਗਾਲੇ ਤਾਂ ਪਤਾ ਲੱਗਾ ਕਿ ਇਲਾਕੇ ’ਚ ਘੁੰਮ ਰਹੇ ਇੱਕ ਸਾਧੂ ਭੇਸ਼ ਵਾਲੇ ਵਿਅਕਤੀ ਨਾਲ ਲੜਕੀ ਨੂੰ ਇਲਾਕੇ ’ਚੋਂ ਬਾਹਰ ਨਿਕਲਦੇ ਵੇਖਿਆ ਗਿਆ। ਇਨ੍ਹਾਂ ਸੁਰਾਗਾਂ ਦਾ ਪਿੱਛਾ ਕਰਦੇ ਹੋਏ ਪੁਲਿਸ ਨੂੰ ਪਤਾ ਲੱਗਾ ਕਿ ਇਹ ਵਾਰਦਾਤ ਬਿਹਾਰ ਦੇ ਛਪਰਾ ਜ਼ਿਲ੍ਹਾ ਵਾਸੀ ਓਮ ਪ੍ਰਕਾਸ਼ ਨਾਮ ਦੇ ਵਿਅਕਤੀ ਨੇ ਅੰਜਾਮ ਦਿੱਤੀ ਹੈ, ਜੋ ਕਿ ਲੜਕੀ ਨੂੰ ਉੱਤਰਾਖੰਡ ਲੈ ਗਿਆ। ਇਸ ਜਾਣਕਾਰੀ ਦੇ ਆਧਾਰ ’ਤੇ ਪੁਲਿਸ ਪਾਰਟੀਆਂ ਬਣਾ ਕੇ ਉੱਤਰਾ ਖੰਡ ਪਉੜੀ ਗੜਵਾਲ ਇਲਾਕੇ ਤੋਂ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ ’ਚੋਂ ਇਹ 10 ਸਾਲਾਂ ਬੱਚੀ ਬਰਾਮਦ ਕਰ ਲਈ ਗਈ ਹੈ। ਨਾਬਾਲਿਗਾ ਨੂੰ ਬਰਾਮਦ ਕਰਨ ਮਗਰੋਂ ਪੁਲਿਸ ਨੇ ਉਸ ਦਾ ਸਿਵਲ ਹਸਪਤਾਲ ਤੋਂ ਡਾਕਟਰੀ ਮੁਲਾਹਜਾ ਕਰਵਾਇਆ ਤੇ ਇਸ ਦੀ ਰਿਪੋਰਟ ਆਉਣ ਮਗਰੋਂ ਜੁਰਮ ’ਚ ਵਾਧਾ ਹੋਣ ਦੀ ਆਸ ਹੈ। ਉਧਰ ਲਾਪਤਾ ਹੋਈ ਨਾਬਾਲਿਗਾ ਦੇ ਪਰਿਵਾਰ ਨੇ ਪੁਲਿਸ ਦੀ ਇਸ ਕਾਰਵਾਈ ’ਤੇ ਧੰਨਵਾਦ ਪ੍ਰਗਟ ਕੀਤਾ।

Related Articles

Leave a Reply

Your email address will not be published. Required fields are marked *

Back to top button