ਧੁਰੰਧਰ ਫ਼ਿਲਮ ’ਤੇ ਰੋਕ ਲਾਉਣ ਅਤੇ ਫ਼ਿਲਮ ‘ਪੰਜਾਬ-95’ ਤੁਰੰਤ ਰਿਲੀਜ਼ ਕਰਨ ਸਬੰਧੀ ਡੀ.ਸੀ. ਨੂੰ ਸੌਂਪਿਆ ਮੰਗ ਪੱਤਰ

ਫ਼ਿਰੋਜ਼ਪੁਰ, 3 ਦਸੰਬਰ (ਜਸਵਿੰਦਰ ਸਿੰਘ ਸੰਧੂ)– ਜ਼ਾਬਰ ਮਨੁੱਖਤਾ ਵਿਰੋਧੀ ਨੀਤੀਆਂ ਦੇ ਚਰਿੱਤਰ ਨੂੰ ਪੇਸ਼ ਕਰਨ ਵਾਲੀ 5 ਦਸੰਬਰ ਨੂੰ ਨਵੀਂ ਰਿਲੀਜ਼ ਕੀਤੀ ਫ਼ਿਲਮ ‘ਧੁਰੰਧਰ’ ’ਤੇ ਰੋਕ ਲਗਾਉਣ ਅਤੇ ‘ਪੰਜਾਬ-95’ ਤੁਰੰਤ ਰਿਲੀਜ਼ ਕਰਨ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਭੁੱਲਰ ਅਤੇ ਯੂਥ ਪ੍ਰਧਾਨ ਪੰਜਾਬ ਤੇਜਿੰਦਰ ਸਿੰਘ ਦਿਉਲ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਸ੍ਰੀਮਤੀ ਦੀਪਸ਼ਿਖਾ ਸ਼ਰਮਾ ਰਾਹੀਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਮੰਗ ਪੱਤਰ ਭੇਜਿਆ। ਮੰਗ ਪੱਤਰ ਸੌਂਪਦੇ ਹੋਏ ਵਫ਼ਦ ਨੇ ਕਿਹਾ ਕਿ ‘ਧੁਰੰਧਰ’ ਫ਼ਿਲਮ ’ਚ ਜਾਬਰ ਔਰੰਗਜੇਬ ਵਰਗੇ ਕਿਰਦਾਰ ਨੂੰ ਉਭਾਰਦੇ ਹੋਏ ਮੌਜੂਦਾ ਇੰਡੀਆ ਹਕੂਮਤ ਵਿੱਚ ਬਤੌਰ ਸੁਰੱਖਿਆ ਸਲਾਹਕਾਰ ਦੇ ਕੰਮ ਕਰਨ ਵਾਲੇ ਸ੍ਰੀ ਅਜੀਤ ਡੋਵਾਲ ਵਰਗੇ ਉਸ ਕਿਰਦਾਰ ਨੂੰ ਉਭਾਰਿਆ ਗਿਆ ਅਤੇ ਜਬਰ‘ਜ਼ੁਲਮ ਢਾਹੁਣ ਵਾਲਿਆਂ ਦੀ ਪਿੱਠ ਥਾਪੜੀ ਗਈ ਹੈ। ਗੁਰਚਰਨ ਸਿੰਘ ਭੁੱਲਰ ਅਤੇ ਯੂਥ ਪ੍ਰਧਾਨ ਪੰਜਾਬ ਤੇਜਿੰਦਰ ਸਿੰਘ ਦਿਉਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਿੱਖ ਕੌਮ ਇਹ ਮਹਿਸੂਸ ਕਰਦੀ ਹੈ ਕਿ ਉਪ੍ਰੋਕਤ ਸ੍ਰੀ ਡੋਵਾਲ ਹੀ ਪੰਜਾਬ ਵਿੱਚ ਬੀਤੇ ਸਮੇਂ ਦੇ ਹੋਏ ਸਿੱਖ ਕਤਲੇਆਮ ਜ਼ਬਰ–ਜ਼ੁਲਮ ਝੂਠੇ ਪੁਲਿਸ ਮੁਕਾਬਲੇ ਲਈ ਜ਼ਿੰਮੇਵਾਰ ਹੈ, ਜਿਸ ਵਿੱਚ ਕੇ.ਪੀ.ਐੱਸ. ਗਿੱਲ, ਸੁਮੇਧ ਸੈਣੀ, ਇਜ਼ਹਾਰ ਆਲਮ ਵਰਗੇ ਪੁਲਿਸ ਅਫ਼ਸਰਾਂ ਰਾਹੀਂ ਪੁਲਿਸ, ਫ਼ੌਜ ਅਤੇ ਅਰਧ ਸੈਨਿਕ ਬਲਾਂ ਦਾ ਪ੍ਰਯੋਗ ਕਰਕੇ ਪੰਜਾਬ ਵਿੱਚ ਅਣਮਨੁੱਖੀ ਕਾਰਵਾਈਆਂ ਕੀਤੀਆਂ ਅਤੇ ਪੰਜਾਬੀਆ ਦਾ ਘਾਣ ਕੀਤਾ ਹੈ। ਇਸ ਲਈ ਫ਼ਿਲਮ’ ਧੁਰੰਤਰ’ ਉੱਤੇ ਤੁਰੰਤ ਰੋਕ ਲਗਾਉਣ ਅਤੇ ਸਹੀ ਕਿਰਦਾਰ ਪੇਸ਼ ਕਰਨ ਵਾਲੀ ‘ਪੰਜਾਬ-95’ ਨੂੰ ਤੁਰੰਤ ਰਿਲੀਜ਼ ਕਰਨ ਦੀ ਮੰਗ ਕੀਤੀ ਗਈ। ਇਸ ਸਮੇਂ ਵਫ਼ਦ ਵਿਚ ਬੂਟਾ ਸਿੰਘ ਕਰੀ ਕਲਾਂ ਸਰਕਲ ਪ੍ਰਧਾਨ ਗੁਰੂਹਰਸਾਏ, ਸੂਰਤ ਸਿੰਘ, ਮੇਹਰ ਸਿੰਘ, ਗੁਰਪ੍ਰੀਤ ਸਿੰਘ, ਜਸਵੰਤ ਸਿੰਘ, ਗੁਰਵਿੰਦਰ ਸਿੰਘ ਮੁਹਾਲਮ, ਪ੍ਰਗਟ ਸਿੰਘ ਵਾਹਕੇ, ਸੁੱਚਾ ਸਿੰਘ, ਜੋਗਿੰਦਰ ਸਿੰਘ ਜਰਨਲ ਸਕੱਤਰ, ਲਖਵਿੰਦਰ ਸਿੰਘ ਸੁਪਰ, ਕੁੰਦਨ ਸਿੰਘ, ਪੂਰਨ ਸਿੰਘ ਧੰਜੂ, ਯਾਦਵਿੰਦਰ ਸਿੰਘ ਚਾਬ, ਦਵਿੰਦਰ ਸਿੰਘ ਚੂਰੀਆ, ਬਲਕਾਰ ਸਿੰਘ ਜੋਗੇਵਾਲ, ਸੁਖਜੀਤ ਸਿੰਘ, ਚਮਕੋਰ ਸਿੰਘ ਵਰਕਿੰਗ ਕਮੇਟੀ ਮੈਬਰ, ਇਕਬਾਲ ਸਿੰਘ ਗੁਰੂਹਰਸਹਾਏ, ਸੁਖਦੇਵ ਸਿੰਘ ਵੇਹੜੀ, ਹਰਭਜਨ ਸਿੰਘ ਆਦਿ ਨੇ ਵੀ ਧੁਰੰਧਰ ਫ਼ਿਲਮ ’ਤੇ ਰੋਕ ਅਤੇ ਫ਼ਿਲਮ ‘ਪੰਜਾਬ-95’ ਰਿਲੀਜ਼ ਕਰਨ ਦੀ ਮੰਗ ਕੀਤੀ।

ਸ: ਰਾਜਬੀਰ ਸਿੰਘ ਪੀ.ਸੀ.ਐੱਸ. ਸਹਾਇਕ ਕਮਿਸ਼ਨਰ ਫ਼ਿਰੋਜ਼ਪੁਰ ਨੂੰ ਗੁਰਚਰਨ ਸਿੰਘ ਭੁੱਲਰ ਮੰਗ ਪੱਤਰ ਦਿੰਦੇ ਹੋਏ। ਤਸਵੀਰ: ਜਸਵਿੰਦਰ ਸਿੰਘ ਸੰਧੂ



