Punjab

ਦੋ ਧੜਿਆਂ ਦੇ ਝਗੜੇ ’ਚ ਦੋ ਨੂੰ ਲੱਗੀ ਗੋਲ਼ੀ, ਪੰਜ ਗੰਭੀਰ ਜ਼ਖ਼ਮੀ

ਬਾਲ ਕਿਸ਼ਨ

ਫਿਰੋਜ਼ਪੁਰ, 13 ਜੁਲਾਈ : ਜ਼ੀਰਾ ਨੇੜਲੇ ਪਿੰਡ ਬੰਡਾਲਾ ਪੁਰਾਣਾ ਵਿਖੇ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਧੜਿਆਂ ਦੀ ਲੜਾਈ ਦੌਰਾਨ ਦੋ ਵਿਅਕਤੀਆਂ ਦੇ ਗੋਲੀ ਲੱਗਣ ਅਤੇ ਪੰਜ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਜ਼ੀਰਾ ਵਿਖੇ ਜੇਰੇ ਇਲਾਜ ਜਗਰੂਪ ਸਿੰਘ (36) ਪੁੱਤਰ ਚੰਦ ਸਿੰਘ ਵਾਸੀ ਪਿੰਡ ਬੰਡਾਲਾ ਪੁਰਾਣਾ ਨੇ ਦੱਸਿਆ ਕਿ ਉਹ ਰਾਤ 9 ਵਜੇ ਦੇ ਕਰੀਬ ਚੰਦ ਸਿੰਘ (70) ਪੁੱਤਰ ਬਲਕਾਰ ਸਿੰਘ, ਗੁਰਵਿੰਦਰ ਸਿੰਘ (38) ਪੁੱਤਰ ਪਿਆਰਾ ਸਿੰਘ ਤੇ ਸ਼ਮਸ਼ੇਰ ਸਿੰਘ (27) ਪੁੱਤਰ ਰੇਸ਼ਮ ਸਿੰਘ ਨਾਲ ਖੇਤ ਤੋਂ ਘਰ ਵਾਪਸ ਆ ਰਹੇ ਸਨ। ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ਸਾਡੇ ’ਚ ਜੀਪ ਮਾਰ ਕੇ ਸਾਨੂੰ ਥੱਲੇ ਸੁੱਟ ਦਿੱਤਾ, ਜਿਨ੍ਹਾਂ ਦਾ ਮੇਰੇ ਚਾਚੇ ਦੇ ਮੁੰਡੇ ਸ਼ਮਸ਼ੇਰ ਸਿੰਘ ਨਾਲ ਪੁਰਾਣੀ ਰੰਜਿਸ਼ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਇਸ ਉਪਰੰਤ ਉਨ੍ਹਾਂ ਨੇ ਸਾਡੇ ’ਤੇ ਕਾਪਿਆਂ ਤੇ ਤਲਵਾਰਾਂ ਨਾਲ ਵਾਰ ਕਰ ਕੇ ਸਾਨੂੰ ਜ਼ਖ਼ਮੀ ਕਰ ਦਿੱਤਾ ਅਤੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਸ਼ਮਸ਼ੇਰ ਸਿੰਘ ਦੇ ਪੱਟ ਵਿਚ ਤੇ ਇੱਕ ਹੋਰ ਵਿਅਕਤੀ ਦੇ ਗੁੱਟ ਵਿਚ ਫਾਇਰ ਵੱਜਾ। ਜ਼ਖ਼ਮੀ ਹਾਲਤ ਵਿਚ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਸਾਨੂੰ ਇਲਾਜ ਲਈ ਸਿਵਲ ਹਸਪਤਾਲ ਜ਼ੀਰਾ ਵਿਖੇ ਦਾਖਲ ਕਰਵਾਇਆ, ਜਿੱਥੇ ਹਮਲਾਵਰਾਂ ਨੇ 16 ਦੇ ਕਰੀਬ ਵਿਅਕਤੀਆਂ ਨੂੰ ਨਾਲ ਲਿਆ ਕੇ ਸਿਵਲ ਹਸਪਤਾਲ ’ਚ ਸਾਡੇ ’ਤੇ ਮੁੜ ਹਮਲਾ ਕਰਕੇ ਸੱਟਾਂ ਮਾਰੀਆਂ ਅਤੇ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖਲ ਹੋ ਕੇ ਸੀਸੀਟੀਵੀ ਕੈਮਰਿਆਂ, ਟਰਾਲੀਆਂ, ਦਰਵਾਜੇ ਆਦਿ ਦੀ ਭੰਨਤੋੜ ਵੀ ਕੀਤੀ। ਇਸ ਮੌਕੇ ਜੇਰੇ ਇਲਾਜ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਹਮਲਾਵਰਾਂ ਵੱਲੋਂ ਕੁਝ ਦਿਨ ਪਹਿਲਾਂ ਵੀ ਸਾਨੂੰ ਗਾਲਾਂ ਕੱਢੀਆਂ, ਹਵਾਈ ਫਾਇਰ ਕੀਤੇ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ। ਉਸ ਸਬੰਧ ’ਚ ਉਨ੍ਹਾਂ ਵੱਲੋਂ ਡੀਐੱਸਪੀ ਜ਼ੀਰਾ ਗੁਰਦੀਪ ਸਿੰਘ ਅਤੇ ਐੱਸਐੱਸਪੀ ਫਿਰੋਜ਼ਪੁਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ। ਇਸ ਮੌਕੇ ਡੀਐੱਸਪੀ ਜ਼ੀਰਾ ਗੁਰਦੀਪ ਸਿੰਘ, ਐੱਸਐੱਚਓ ਥਾਣਾ ਸਿਟੀ ਜ਼ੀਰਾ ਬਲਜਿੰਦਰ ਸਿੰਘ ਅਤੇ ਥਾਣਾ ਸਦਰ ਜ਼ੀਰਾ ਦੇ ਐੱਸਐੱਚਓ ਬਲਜਿੰਦਰ ਸਿੰਘ ਨੇ ਪੁਲਿਸ ਪਾਰਟੀ ਨਾਲ ਸਿਵਲ ਹਸਪਤਾਲ ਜ਼ੀਰਾ ਵਿਖੇ ਪਹੁੰਚ ਕੇ ਸਥਿਤੀ ’ਤੇ ਕਾਬੂ ਪਾਇਆ। ਡੀਐੱਸਪੀ ਜ਼ੀਰਾ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਪਿੰਡ ਬੰਡਾਲਾ ਪੁਰਾਣਾ ਦੀਆਂ ਝਗੜੇ ਵਿਚ ਸ਼ਾਮਲ ਦੋਵਾਂ ਪਾਰਟੀਆਂ ਦੀਆਂ ਸ਼ਿਕਾਇਤਾਂ ਆਈਆਂ ਸਨ, ਉਨ੍ਹਾਂ ਨੂੰ ਥਾਣੇ ਬੁਲਾਇਆ ਗਿਆ ਸੀ, ਪਰ ਉਹ ਨਹੀਂ ਪਹੁੰਚੇ। ਸਾਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਦੋਸ਼ੀਆਂ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਸਿਵਲ ਹਸਪਤਾਲ ਜ਼ੀਰਾ ਦੇ ਡਾ. ਲਵਪ੍ਰੀਤ ਸਿੰਘ ਨੇ ਦੱਸਿਆ ਕਿ ਚੰਦ ਸਿੰਘ, ਜਗਰੂਪ ਸਿੰਘ, ਗੁਰਵਿੰਦਰ ਸਿੰਘ ਅਤੇ ਸ਼ਮਸ਼ੇਰ ਸਿੰਘ ਦੇ ਗੰਭੀਰ ਰੂਪ ਵਿਚ ਜ਼ਖਮੀ ਹੋਣ ਕਾਰਨ ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਜਦਕਿ ਸੁਖਮੰਦਰ ਸਿੰਘ, ਗੁਰਬਿੰਦਰ ਸਿੰਘ ਅਤੇ ਜਗਸੀਰ ਸਿੰਘ ਸਿਵਲ ਹਸਪਤਾਲ ਜ਼ੀਰਾ ਵਿਖੇ ਜ਼ੇਰੇ ਇਲਾਜ ਹਨ।

Related Articles

Leave a Reply

Your email address will not be published. Required fields are marked *

Back to top button