Punjab

ਸੜਕ ਹਾਦਸੇ ’ਚ ਡੀਐੱਸਪੀ ਦੇ ਪੁੱਤ ਦੀ ਮੌਤ, ਐੱਸਆਈ ਦਾ ਪੁੱਤ ਜ਼ਖ਼ਮੀ

ਭਵਾਨੀਗੜ੍ਹ, 13 ਜੁਲਾਈ : ਸ਼ਨਿੱਚਰਵਾਰ ਰਾਤ ਸਥਾਨਕ ਸ਼ਹਿਰ ‘ਚੋਂ ਲੰਘਦੀ ਨੈਸ਼ਨਲ ਹਾਈਵੇ-7 ‘ਤੇ ਫੱਗੂਵਾਲਾ ਕੈਂਚੀਆਂ ਵਿਖੇ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਸੰਗਰੂਰ ਵੱਲ ਜਾਂਦੇ ਸਮੇਂ ਇਕ ਕਾਰ ਦਾ ਸੰਤੁਲਨ ਵਿਗੜਨ ਕਾਰਨ ਫਲਾਈਓਵਰ ‘ਤੇ ਸੜਕ ਵਿਚਕਾਰ ਪਲਟ ਗਈ। ਹਾਦਸੇ ’ਚ ਪੰਜਾਬ ਪੁਲਿਸ ਦੇ ਇਕ ਡੀਐੱਸਪੀ ਦੇ ਨੌਜਵਾਨ ਪੁੱਤ ਦੀ ਮੌਤ ਹੋ ਗਈ, ਜਦਕਿ ਕਾਰ ਚਲਾ ਰਹੇ ਸਬ-ਇੰਸਪੈਕਟਰ ਦੇ ਪੁੱਤ ਨੂੰ ਗੰਭੀਰ ਸੱਟਾਂ ਲੱਗੀਆਂ। ਦੋਵੇਂ ਨੌਜਵਾਨ ਕਰੀਬੀ ਦੋਸਤ ਸਨ ਤੇ ਇਕੱਠੇ ਪੜ੍ਹਦੇ ਸਨ। ਘਟਨਾ ਸਬੰਧੀ ਸੜਕ ਸੁਰੱਖਿਆ ਫੋਰਸ ਦੇ ਏਐੱਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਰਾਤ ਕਰੀਬ 1:30 ਵਜੇ ਉਨ੍ਹਾਂ ਦੀ ਟੀਮ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਫੱਗੂਵਾਲਾ ਕੈਂਚੀਆਂ ਵਿਖੇ ਸੰਗਰੂਰ ਵੱਲ ਜਾਂਦੀ ਇਕ ਹੁੰਡਈ ਕਾਰ ਸੰਤੁਲਨ ਗੁਆ ਕੇ ਫਲਾਈਓਵਰ ‘ਤੇ ਪਲਟ ਗਈ। ਕਾਰ ਨੂੰ ਹਰਜੋਤ ਸਿੰਘ (23) ਪੁੱਤਰ ਰਾਜਿੰਦਰ ਪਾਲ ਸਿੰਘ ਚਲਾ ਰਿਹਾ ਸੀ, ਜਦਕਿ ਏਕਮਵੀਰ ਸਿੰਘ (22) ਪੁੱਤਰ ਸਤਨਾਮ ਸਿੰਘ ਵਾਸੀ ਪਟਿਆਲਾ ਡਰਾਈਵਰ ਦੇ ਨਾਲ ਵਾਲੀ ਸੀਟ ‘ਤੇ ਬੈਠਾ ਸੀ ਕਿ ਅਚਾਨਕ ਉਨ੍ਹਾਂ ਦੀ ਕਾਰ ਬੇਕਾਬੂ ਹੋ ਗਈ ਤੇ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਏਐੱਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਮੌਕੇ ‘ਤੇ ਪਹੁੰਚੀ ਐੱਸਐੱਸਐੱਫ ਟੀਮ ਨੇ ਲੋਕਾਂ ਦੀ ਮਦਦ ਨਾਲ ਕਾਰ ਅੰਦਰ ਫਸੇ ਦੋਵਾਂ ਨੌਜਵਾਨਾਂ ਨੂੰ ਬਾਹਰ ਕੱਢਿਆ ਅਤੇ ਐਂਬੂਲੈਂਸ ਦੀ ਮਦਦ ਨਾਲ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਏਕਮਵੀਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਹਰਜੋਤ ਸਿੰਘ ਨੂੰ ਗੰਭੀਰ ਹਾਲਤ ਕਾਰਨ ਪਟਿਆਲਾ ਰੈਫਰ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਮ੍ਰਿਤਕ ਏਕਮਵੀਰ ਪਟਿਆਲਾ-1 ਦੇ ਡੀਐੱਸਪੀ ਸਤਨਾਮ ਸਿੰਘ ਦਾ ਪੁੱਤਰ ਸੀ। ਜਦਕਿ ਹਾਦਸੇ ‘ਚ ਗੰਭੀਰ ਜ਼ਖ਼ਮੀ ਹੋਏ ਹਰਜੋਤ ਸਿੰਘ ਦੇ ਪਿਤਾ ਪੰਜਾਬ ਪੁਲਿਸ ’ਚ ਸਬ-ਇੰਸਪੈਕਟਰ ਹਨ, ਜੋ ਮੌਜੂਦਾ ਸਮੇਂ ਮੋਹਾਲੀ ਜ਼ਿਲ੍ਹੇ ’ਚ ਤਾਇਨਾਤ ਹਨ।

Related Articles

Leave a Reply

Your email address will not be published. Required fields are marked *

Back to top button