
ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 21 ਸਤੰਬਰ : ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab and Haryana High court) ਤੋਂ ਟਰਾਂਸਫਰ ਹੋ ਕੇ ਆਏ ਇਕ ਕੇਸ ‘ਚ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਦੋ ਦੋਸ਼ੀਆਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਸਜ਼ਾ ਪਾਉਣ ਵਾਲਿਆਂ ‘ਚ ਸੰਗਰੂਰ ਜ਼ਿਲ੍ਹੇ ਦਾ ਰਹਿਣ ਵਾਲਾ ਰਾਕੇਸ਼ ਕੁਮਾਰ ਤੇ ਸੰਜੈ ਚੌਹਾਨ ਸ਼ਾਮਲ ਹਨ। ਇਸ ਕੇਸ ‘ਚ ਕਿਰਨਜੀਤ ਸਿੰਘ ਤੇ ਕਨਵਰ ਇੰਦਰਜੀਤ ਸਿੰਘ ਨੂੰ ਬਰੀ ਕਰ ਦਿੱਤਾ ਗਿਆ ਹੈ। ਅਦਾਲਤ ਦਾ ਇਹ ਫੈਸਲਾ 18 ਸਾਲ ਪੁਰਾਣੇ ਹੱਤਿਆਕਾਂਡ ਦੇ ਸੰਦਰਭ ‘ਚ ਆਇਆ ਹੈ। ਸਾਲ 2007 ‘ਚ ਸੰਗਰੂਰ ਨਿਵਾਸੀ ਹਰਜੀਤ ਸਿੰਘ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਹ ਵਿਵਾਦ ਸੰਜੈ ਚੌਹਾਨ ਦੇ ਸਕੂਲ ਨਾਲ ਜੁੜਿਆ ਹੋਇਆ ਸੀ। ਸੰਜੈ ਚੌਹਾਨ ਦਾ ਸੰਗਰੂਰ ਵਿਚ ਪੰਜਾਬ ਪਬਲਿਕ ਸਕੂਲ ਸੀ ਤੇ ਉਸ ਦੇ ਨੇੜੇ ਹਰਜੀਤ ਸਿੰਘ ਦਾ ਘਰ ਸੀ। ਹਰਜੀਤ ਦੇ ਘਰ ਜਾਣ ਵਾਲੀ ਗਲੀ ‘ਚ ਸੰਜੈ ਚੌਹਾਨ ਨੇ ਇਕ ਸੀਮੈਂਟ ਦਾ ਖੰਭਾ ਲਗਾ ਦਿੱਤਾ ਸੀ, ਜਿਸ ਕਾਰਨ ਉਥੋਂ ਨਿਕਲਣਾ ਮੁਸ਼ਕਲ ਹੋ ਗਿਆ ਸੀ। ਖੰਭੇ ਨੂੰ ਲੈ ਕੇ ਹਰਜੀਤ ਨੇ ਲਗਾਤਾਰ ਸ਼ਿਕਾਇਤ ਕੀਤੀ। ਇਸ ਰੰਜਿਸ਼ ਤਹਿਤ ਰਾਕੇਸ਼ ਕੁਮਾਰ ਨੇ ਸੰਜੈ ਚੌਹਾਨ ਦੀ ਪਿਸਟਲ ਨਾਲ ਹਰਜੀਤ ਸਿੰਘ ‘ਤੇ ਗੋਲੀ ਚਲਾਈ, ਜਿਸ ਨਾਲ ਉਸ ਦੀ ਮੌਤ ਹੋ ਗਈ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਕਿ ਦੋਸ਼ੀਆਂ ਵਿੱਚੋਂ ਇਕ ਵਕੀਲ ਹੈ ਜਿਸ ਕਾਰਨ ਪੁਲਿਸ ਨੇ ਮਾਮਲੇ ਵਿਚ ਦੇਰੀ ਕੀਤੀ। ਹਰਜੀਤ ਦੇ ਪਰਿਵਾਰ ਨੇ ਇਸ ਮਾਮਲੇ ਨੂੰ ਲੈ ਕੇ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਤੇ ਕੇਸ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ‘ਚ ਟਰਾਂਸਫਰ ਕਰਨ ਦੀ ਮੰਗ ਕੀਤੀ। ਇਸ ਤੋਂ ਬਾਅਦ ਸਾਲ 2013 ‘ਚ ਮਾਮਲਾ ਚੰਡੀਗੜ੍ਹ ਜ਼ਿਲ੍ਹਾ ਅਦਾਲਤ ‘ਚ ਟਰਾਂਸਫਰ ਕੀਤਾ ਗਿਆ। ਹੁਣ ਅਦਾਲਤ ਨੇ ਰਾਕੇਸ਼ ਕੁਮਾਰ ਅਤੇ ਸੰਜੈ ਚੌਹਾਨ ਨੂੰ ਦੋਸ਼ੀ ਮੰਨਦੇ ਹੋਏ ਉਨ੍ਹਾਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ।



