
ਫ਼ਿਰੋਜ਼ਪੁਰ, 2 ਜਨਵਰੀ (ਜਸਵਿੰਦਰ ਸਿੰਘ ਸੰਧੂ)– ਦੇਸ਼ ਕੌਮ ਲਈ ਆਪਣਾ ਵਾਰਨ ਵਾਲੇ ਕੌਮ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦੇਣ ਕੌਮਾਂਤਰੀ ਸਰਹੱਦ ਹੁਸੈਨੀਵਾਲਾ ਖੱਤਰੀ ਮਹਾਂ ਸਭਾ ਪੰਜਾਬ ਦਾ ਜਥਾ ਪੁੱਜਾ। ਕੌਮਾਂਤਰੀ ਸਰਹੱਦ ਹੁਸੈਨੀਵਾਲਾ ਪੁੱਜੇ ਖੱਤਰੀ ਭਾਈਚਾਰੇ ਵੱਲੋਂ ਜਿਥੇ ਸ਼ਹੀਦ ਏ ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਗਈਆਂ, ਉਥੇ ਪੰਜਾਬ ਮਾਤਾ ਨੂੰ ਨਮਨ ਕਰਦਿਆਂ ਵੰਦੇ ਮਾਤਰਮ ਦੇ ਨਾਅਰਿਆਂ ਨਾਲ ਆਕਾਸ਼ ਗੂੰਜਣ ਲਾਇਆ। ਇਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਅਰਪਿਤ ਕਰਨ ਉਪਰੰਤ ਗੱਲਬਾਤ ਕਰਦਿਆਂ ਖੱਤਰੀ ਮਹਾਂ ਸਭਾ ਪੰਜਾਬ ਦੇ ਪ੍ਰਧਾਨ ਐਡਵੋਕੇਟ ਵਿਜੈ ਧਿਰ, ਜਨਰਲ ਸਕੱਤਰ ਪਵਨ ਭੰਡਾਰੀ ਤੇ ਸਾਥੀਆਂ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਦੇਸ਼ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਮੁਕਤ ਕਰਨ ਲਈ ਵਿੱਡੇ ਸੰਘਰਸ਼ ਵਿਚ ਖੱਤਰੀ ਸੁਖਦੇਵ ਥਾਪਰ ਨੇ ਵੱਡਮੁੱਲਾ ਯੋਗਦਾਨ ਅਦਾ ਕੀਤਾ ਹੈ। ਭਾਵੁਕ ਹੁੰਦਿਆਂ ਐਡਵੋਕੇਟ ਵਿਜੈ ਧਿਰ ਨੇ ਕਿਹਾ ਕਿ ਸਾਡੀ ਖੱਤਰੀ ਮਹਾਂ ਸਭਾ ਪੰਜਾਬ ਦੀ ਮੰਗ ਹੈ ਕਿ ਲੁਧਿਆਣਾ ਦੇ ਰੇਲਵੇ ਸਟੇਸ਼ਨ ਨੂੰ ਸ਼ਹੀਦ ਸੁਖਦੇਵ ਥਾਪਰ ਦੇ ਨਾਮ ਨਾਲ ਜਾਣਿਆ ਜਾਵੇ ਅਤੇ ਉਥੇ ਜੋ ਗਰਾਂਟ ਸ਼ਹੀਦ ਸੁਖਦੇਵ ਥਾਪਰ ਦੀ ਯਾਦਗਾਰ ਲਈ ਜਾਰੀ ਹੋਈ ਹੈ, ਦੀ ਤੁਰੰਤ ਵਰਤੋਂ ਕਰਦੇ ਹੋਏ ਦੇਸ਼ ਕੌਮ ਲਈ ਆਪਾ ਵਾਰਨ ਵਾਲੇ ਸ਼ਹੀਦ ਸੁਖਦੇਵ ਥਾਪਰ ਨੂੰ ਸੱਚੀ ਸ਼ਰਧਾਂਜਲੀ ਅਰਪਿਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਕਦੇ ਵੀ ਅਲੱਗ ਨਹੀਂ ਸਨ, ਉਹ ਤਿੰਨ ਜਿੰਦਾਂ ਇਕ ਜਾਨ ਵਜੋਂ ਦੇਸ਼ ਕੌਮ ਲਈ ਜੂਝਦੇ ਰਹੇ ਹਨ, ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਦੇਸ਼ ਵਾਸੀ ਆਜ਼ਾਦੀ ਦਾ ਨਿੱਘ ਮਾਣ ਰਹੇੇ ਹਾਂ।



