
ਖਨੋਰੀ, 21 ਮਾਰਚ-ਦਾਤਾਸਿੰਘਵਾਲਾ-ਖਨੌਰੀ ਬਾਰਡਰ ’ਤੇ ਕਿਸਾਨਾਂ ਵੱਲੋਂ ਪਿਛਲੇ 13 ਮਹੀਨੇ 7 ਦਿਨਾਂ ਤੋਂ ਕਰੀਬ ਢਾਈ ਕਿਲੋਮੀਟਰ ਦਾਇਰੇ ਵਿਚ ਲਾਏ ਕਿਸਾਨ ਮੋਰਚੇ ਨੂੰ ਬੇਸ਼ੱਕ ਪੁਲਿਸ ਨੇ ਐਕਸ਼ਨ ਕਰਦਿਆਂ ਉਥੋਂ ਚੁੱਕਵਾ ਦਿੱਤਾ ਹੈ ਅਤੇ ਐਕਸ਼ਨ ਦੇ ਦੂਜੇ ਦਿਨ ਵੀ ਇਹ ਜਗ੍ਹਾ ਪੁਲਿਸ ਛਾਉਣੀ ਵਿਚ ਤਬਦੀਲ ਨਜ਼ਰ ਆਈ। ਕਿਸੇ ਨੂੰ ਵੀ ਬੈਰੀਕੇਡਿੰਗ ਤੋਂ ਅੱਗੇ ਜਾਣ ਦੀ ਆਗਿਆ ਨਹੀਂ ਸੀ ਦਿੱਤੀ ਜਾ ਰਹੀ। ਇੱਥੋਂ ਤੱਕ ਕਿ ਮੀਡੀਆ ਨੂੰ ਵੀ ਇਸ ਤੋਂ ਦੂਰ ਰੱਖਿਆ ਗਿਆ। ਐਕਸ਼ਨ ਦੇ ਦੂਜੇ ਦਿਨ ਮੋਰਚੇ ਵਾਲੀ ਥਾਂ ਸਿਰਫ ਪੁਲਿਸ ਵੱਲੋਂ ਮੁੱਖ ਮਾਰਗ ’ਤੇ ਖੜ੍ਹੇ ਟਰੈਕਟਰ ਟਰਾਲੀਆਂ, ਕਿਸਾਨਾਂ ਵੱਲੋਂ ਬਣਾਏ ਆਰਜ਼ੀ ਰੈਣ-ਬਸੇਰਿਆਂ ਨੂੰ ਤੋੜਨ ਦਾ ਕੰਮ ਕੀਤਾ ਜਾ ਰਿਹਾ ਸੀ। ਪੁਲਿਸ ਪ੍ਰਸ਼ਾਸਨ ਵੱਲੋਂ ਖਨੌਰੀ ਵਿਚ ਮੈਰਿਜ ਪੈਲੇਸ ਨੂੰ ਖੁੱਲ੍ਹੀ ਜੇਲ੍ਹ ਵਿਚ ਤਬਦੀਲ ਕਰਕੇ ਹਿਰਾਸਤ ਵਿਚ ਲਏ ਕਰੀਬ 200 ਕਿਸਾਨਾਂ ਨੂੰ ਰੱਖਿਆ ਗਿਆ ਅਤੇ ਮੋਰਚੇ ਵਾਲੀ ਥਾਂ ਤੋਂ ਟਰੈਕਟਰ ਚੁੱਕ ਕੇ ਖਨੌਰੀ ਸ਼ਹਿਰ ਤੋਂ ਬਾਹਰ ਕਰੀਬ 7 ਕਿਲੋਮੀਟਰ ਦੂਰ ਖੁੱਲ੍ਹੀ ਥਾਂ ’ਤੇ ਖੜ੍ਹਾਇਆ ਗਿਆ ਹੈ। ਟਰੈਕਟਰਾਂ ਨੂੰ ਚਲਾਉਣ ਲਈ ਪੁਲਿਸ ਜਵਾਨ ਲੱਗੇ ਹੋਏ ਸਨ। ਬੁੱਧਵਾਰ ਸ਼ਾਮ ਨੂੰ ਖਨੌਰੀ ਮੋਰਚੇ ਵਿਚ ਹਜ਼ਾਰਾਂ ਦੀ ਤਦਾਦ ਵਿਚ ਪੁੱਜੀ ਪੁਲਿਸ ਨੇ ਕਿਸਾਨਾਂ ਨੂੰ ਮੋਰਚਾ ਛੱਡਣ ਦੀ ਅਪੀਲ ਕਰਦਿਆਂ ਇਸ ਜਗ੍ਹਾ ਨੂੰ ਕਲੀਨ ਕਰਨ ਦੀ ਗੱਲ ਆਖੀ ਸੀ। ਹਾਲਾਂਕਿ ਮੋਰਚੇ ਵਿਚ ਜ਼ਿਆਦਾਤਰ ਕਿਸਾਨ ਪੁਲਿਸ ਦੀ ਗੱਲ ਮੰਨ ਗਏ ਅਤੇ ਜਿਨ੍ਹਾਂ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ, ਨੂੰ ਪੁਲਿਸ ਬੱਸਾਂ ਵਿਚ ਭਰ ਕੇ ਲੈ ਗਈ। ਇਸ ਤੋਂ ਇਲਾਵਾ ਪੁਲਿਸ ਨੇ ਕਰੀਬ 200 ਕਿਸਾਨਾਂ ਨੂੰ ਹਿਰਾਸਤ ਵਿਚ ਲਿਆ ਜਿਨ੍ਹਾਂ ਨੂੰ ਖਨੌਰੀ ਸ਼ਹਿਰ ਵਿਚ ਸਥਿਤ ਹਨੂੰਮਾਨ ਮੈਰਿਜ ਪੈਲੇਸ ਨੂੰ ਖੁੱਲ੍ਹੀ ਜੇਲ੍ਹ ਬਣਾ ਕੇ ਉਥੇ ਰੱਖਿਆ। ਇਸ ਪੈਲੇਸ ਦੇ ਬਾਹਰ ਵੀ ਵੱਡੀ ਗਿਣਤੀ ਪੁਲਿਸ ਫੋਰਸ ਤਾਇਨਾਤ ਸੀ ਅਤੇ ਕਿਸੇ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ। ਖਨੌਰੀ ਸ਼ਹਿਰ ਵਿਚ ਚੱਪੇ-ਚੱਪੇ ’ਤੇ ਤਾਇਨਾਤ ਪੁਲਿਸ ਜਵਾਨ ਅਤੇ ਪੁਲਿਸ ਦੀਆਂ ਗੱਡੀਆਂ ਦੇ ਵੱਜਦੇ ਹੂਟਰ, ਸ਼ਹਿਰ ਵਿਚ ਵੱਡੀ ਗਿਣਤੀ ਖੜ੍ਹੀਆਂ ਫਾਇਰ ਬਿ੍ਗੇਡ ਦੀਆਂ ਗੱਡੀਆਂ ਬੁੱਧਵਾਰ ਰਾਤ ਨੂੰ ਮੋਰਚੇ ਵਿਚ ਹੋਏ ਪੁਲਿਸ ਐਕਸ਼ਨ ਦੀ ਗਵਾਹੀ ਭਰ ਰਹੀਆਂ ਸਨ। ਹਾਲਾਤ ਇਹ ਸਨ ਕਿ ਸ਼ਹਿਰ ਵਿਚ ਲੋਕਾਂ ਨਾਲੋਂ ਪੁਲਿਸ ਦੀ ਆਮਦ ਵੱਧ ਨਜ਼ਰ ਆਈ। ਇਸ ਤੋਂ ਇਲਾਵਾ ਖਨੌਰੀ ਜਾਣ ਸਮੇਂ ਰਸਤੇ ਵਿਚ ਵੀ ਕਈ ਥਾਈਂ ਪੁਲਿਸ ਫੋਰਸ ਤਾਇਨਾਤ ਸੀ। ਕਈ ਕਿਸਾਨਾਂ ਵੱਲੋਂ ਮੋਰਚੇ ’ਚ ਖੜ੍ਹੇ ਆਪਣੇ ਟਰੈਕਟਰਾਂ ਨੂੰ ਵਾਪਸ ਘਰ ਲਿਜਾਦਿਆਂ ਦੇਖਿਆ ਗਿਆ। ਰਸਤੇ ਵਿਚ ਆਪਣਾ ਟਰੈਕਟਰ ਲੈ ਕੇ ਜਾ ਰਹੇ ਕਿਸਾਨ ਅਮਨਦੀਪ ਸਿੰਘ ਅਤੇ ਭਾਕਿਯੂ (ਫਤਿਹ) ਦੇ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਬਲਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਐਕਸ਼ਨ ਤੋਂ ਬਾਅਦ ਉਨ੍ਹਾਂ ਦਾ ਮੋਰਚੇ ਵਾਲੀ ਥਾਂ ਤੋਂ ਨਵਾਂ ਫਰਿਜ ਅਤੇ ਟਰੈਕਟਰ ਦਾ ਬੈਟਰਾ ਕੋਈ ਲੈ ਗਿਆ। ਇਸ ਤੋਂ ਇਲਾਵਾ ਕਿਸਾਨਾਂ ਦਾ ਹੋਰ ਵੀ ਕਾਫੀ ਸਾਮਾਨ ਗਾਇਬ ਹੈ। ਪੁਲਿਸ ਵੱਲੋਂ ਕਿਸਾਨਾਂ ਦੇ ਰੈਣ-ਬਸੇਰੇ ਤੋੜ ਦਿੱਤੇ ਅਤੇ ਤੰਬੂਆਂ ਨੂੰ ਅੱਗ ਲਾ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪੁਲਿਸ ਐਕਸ਼ਨ ਦੌਰਾਨ ਕਈ ਕਿਸਾਨਾਂ ਨੇ ਪੁਲਿਸ ਦੇ ਡਰੋਂ ਖੇਤਾਂ ਵਿਚ ਹੀ ਰਾਤ ਕੱਟੀ।



