ਦੀਪਕ ਭੰਡਾਰੀ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਦੇ ਮਾਮਲੇ ‘ਚ ਗ੍ਰਿਫ਼ਤਾਰ, NCB ਨੇ ਚੰਡੀਗੜ੍ਹ ਦੇ ਹੋਟਲ ਦੇ ਕਮਰੇ ’ਚੋਂ ਕੀਤਾ ਕਾਬੂ

ਅੰਮ੍ਰਿਤਸਰ, 9 ਜੂਨ : ਐੱਨਸੀਬੀ ਨੇ ਬਲਾਸਟਿਕ ਫਾਰਮਾ ਕੰਪਨੀ ਦੇ ਮਾਲਕ ਦੀਪਕ ਭੰਡਾਰੀ ਨੂੰ ਵੈੱਬ ਚੈਨਲ ਡੀਫਾਰਯੂ ਦੀ ਆੜ ਵਿਚ ਲੋਕਾਂ ਨੂੰ ਡਰਾ-ਧਮਕਾ ਕੇ ਨਸ਼ੀਲੀਆਂ ਦਵਾਈਆਂ ਦਾ ਕਾਰੋਬਾਰ ਚਲਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਇਹ ਗ੍ਰਿਫ਼ਤਾਰੀ ਚੰਡੀਗੜ੍ਹ ਦੇ ਹੋਟਲ ਦੇ ਕਮਰੇ ’ਚੋਂ ਕੀਤੀ ਗਈ ਹੈ। ਨਾਰਕੋਟਿਕਸ ਕੰਟਰੋਲ ਬਿਊਰੋ ਦੀ 15 ਮੈਂਬਰੀ ਟੀਮ ਪਿਛਲੇ ਦਸ ਦਿਨਾਂ ਤੋਂ ਚੰਡੀਗੜ੍ਹ-ਮੋਹਾਲੀ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਡੇਰਾ ਲਾਈ ਬੈਠੀ ਸੀ। ਪਤਾ ਲੱਗਾ ਹੈ ਕਿ ਭੰਡਾਰੀ ਮੋਹਾਲੀ ਦੇ ਸੈਕਟਰ-54 ਵਿਚ ਸਥਿਤ ਪ੍ਰੀਤ ਲਾਜ ਵਿਚ ਵੀ ਠਹਿਰਿਆ ਹੋਇਆ ਹੈ। ਐੱਨਸੀਬੀ ਨੂੰ ਵੀਹ ਦਿਨ ਪਹਿਲਾਂ ਜਾਣਕਾਰੀ ਮਿਲੀ ਸੀ ਕਿ ਕਿੰਗਪਿਨ ਦੀਪਕ ਭੰਡਾਰੀ ਹੋਟਲ ਬਦਲ ਕੇ ਉਕਤ ਸ਼ਹਿਰਾਂ ਵਿਚ ਲੁਕਿਆ ਹੋਇਆ ਹੈ। ਇਸ ਤੋਂ ਬਾਅਦ ਐੱਨਸੀਬੀ ਟੀਮ ਦੇ ਮੈਂਬਰਾਂ ਨੇ ਕਈ ਹੋਟਲ ਮੈਨੇਜਰਾਂ ਨਾਲ ਸੰਪਰਕ ਕੀਤਾ ਅਤੇ ਮੁਲਜ਼ਮ ਦੀਪਕ ਭੰਡਾਰੀ ਬਾਰੇ ਸੁਰਾਗ ਪ੍ਰਾਪਤ ਕੀਤਾ। ਐੱਨਸੀਬੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਸ਼ਾਮ ਨੂੰ ਗ੍ਰਿਫ਼ਤਾਰੀ ਤੋਂ ਬਾਅਦ ਹੋਟਲ ਦਾ ਰਿਕਾਰਡ ਵੀ ਜ਼ਬਤ ਕਰ ਲਿਆ ਗਿਆ ਹੈ। ਦੱਸ ਦੇਈਏ ਕਿ 1 ਮਈ ਨੂੰ ਐੱਨਸੀਬੀ ਨੇ ਇਸਲਾਮਾਬਾਦ ਦੇ ਜਵਾਲਾ ਅਸਟੇਟ ਸਥਿਤ ਦੀਪਕ ਭੰਡਾਰੀ ਦੇ ਘਰ ਛਾਪਾ ਮਾਰਿਆ ਸੀ। ਹਾਲਾਂਕਿ ਇਹ ਕਾਰਵਾਈ ਅਪ੍ਰੈਲ ਦੇ ਮਹੀਨੇ ਵਿਚ ਹੀ ਸ਼ੁਰੂ ਹੋ ਗਈ ਸੀ ਪਰ ਠੋਸ ਸਬੂਤ ਮਿਲਣ ਤੋਂ ਬਾਅਦ ਐੱਨਸੀਬੀ ਨੇ ਪਹਿਲੇ ਪੜਾਅ ਵਿਚ ਦੀਪਕ ਭੰਡਾਰੀ ਦੇ ਭਰਾ ਅਮਿਤ ਭੰਡਾਰੀ ਨੂੰ ਗ੍ਰਿਫ਼ਤਾਰ ਕਰ ਲਿਆ। ਅਮਿਤ ਦੇ ਕਬਜ਼ੇ ਵਿੱਚੋਂ 31 ਹਜ਼ਾਰ ਸੱਤ ਸੌ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਇਸ ਤੋਂ ਬਾਅਦ ਐੱਨਸੀਬੀ ਨੇ ਸ਼ਹਿਰ ਦੇ ਮਸ਼ਹੂਰ ਡਾਕਟਰ ਜਤਿੰਦਰ ਮਲਹੋਤਰਾ ਅਤੇ ਡਾਕਟਰ ਰਾਜਿੰਦਰ ਰਾਜਨ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਤਿੰਨੋਂ ਮੁਲਜ਼ਮ ਜੇਲ੍ਹ ਵਿਚ ਹਨ। ਅਮਿਤ ਨੂੰ ਛੱਡ ਕੇ ਉਪਰੋਕਤ ਦੋਵੇਂ ਡਾਕਟਰਾਂ ਨੇ ਅਦਾਲਤ ਵਿਚ ਆਪਣੀਆਂ ਜ਼ਮਾਨਤ ਅਰਜ਼ੀਆਂ ਦਾਇਰ ਕੀਤੀਆਂ ਹਨ। ਇਸ ਤੋਂ ਇਲਾਵਾ ਐੱਨਸੀਬੀ ਨੇ ਦੀਪਕ ਭੰਡਾਰੀ ਦੀ ਪਤਨੀ ਪ੍ਰਿਆ ਭੰਡਾਰੀ ਅਤੇ ਪੁੱਤਰ ਨਵੈ ਭੰਡਾਰੀ ਨੂੰ ਵੀ ਨਾਮਜ਼ਦ ਕੀਤਾ ਸੀ। ਦੋਵਾਂ ਦੀਆਂ ਜ਼ਮਾਨਤਾਂ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਰੱਦ ਕਰ ਦਿੱਤੀਆਂ ਹਨ। ਹੁਣ ਡਾ. ਰਾਜਨ, ਪ੍ਰਿਆ ਭੰਡਾਰੀ ਅਤੇ ਨਵੈ ਭੰਡਾਰੀ ਦੀਆਂ ਜ਼ਮਾਨਤ ਪਟੀਸ਼ਨਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਵਿਚਾਰ ਅਧੀਨ ਹਨ।



