
ਜਲੰਧਰ, 3 ਅਗਸਤ : ਸ਼ਹਿਰ ਦੇ ਰਾਮਾ ਮੰਡੀ ਇਲਾਕੇ ਦੇ ਫੇਜ਼-2 ਸਥਿਤ ਏਕਤਾ ਨਗਰ ’ਚ ਇਕ ਭਿਆਨਕ ਘਟਨਾ ਸਾਹਮਣੇ ਆਈ ਹੈ, ਜਿਥੇ ਇਕ ਸਬਜ਼ੀ ਵੇਚਣ ਵਾਲੇ ਨੇ ਵਿਆਹ ਤੋਂ ਨਾਂਹ ਕਰਨ ’ਤੇ ਇਕ ਔਰਤ ਤੇ ਉਸਦੇ ਘਰ ਨੂੰ ਅੱਗ ਲਗਾ ਦਿੱਤੀ। ਇਸ ਘਟਨਾ ’ਚ ਔਰਤ ਤੇ ਉਸਦੇ ਦੋ ਬੱਚੇ ਬੁਰੀ ਤਰ੍ਹਾਂ ਸੜ ਗਏ। ਸਾਰਿਆਂ ਨੂੰ ਗੰਭੀਰ ਹਾਲਤ ’ਚ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿਥੇ ਔਰਤ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸਨੂੰ ਲੁਧਿਆਣਾ ਡੀਐੱਮਸੀ ਰੈਫਰ ਕਰ ਦਿੱਤਾ ਗਿਆ ਹੈ। ਪੀੜਤਾ ਦੀ ਪਛਾਣ ਸਤਿੰਦਰ ਵਰਮਾ ਵਜੋਂ ਹੋਈ ਹੈ, ਜੋ ਆਪਣੇ ਤਿੰਨ ਬੱਚਿਆਂ ਨਾਲ ਏਕਤਾ ਨਗਰ ’ਚ ਕਿਰਾਏ ਦੇ ਮਕਾਨ ’ਚ ਰਹਿੰਦੀ ਹੈ। ਦੱਸਿਆ ਜਾ ਰਿਹਾ ਹੈ ਕਿ ਸਤਿੰਦਰ ਦੇ ਪਤੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਉਹ ਆਪਣੇ ਬੱਚਿਆਂ ਨੂੰ ਇਕੱਲੀ ਹੀ ਪਾਲ ਰਹੀ ਸੀ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਰਾਮਾ ਮੰਡੀ ਦੇ ਬਾਜ਼ੀਗਰ ਮੁਹੱਲੇ ’ਚ ਰਹਿਣ ਵਾਲਾ ਬਾਸਾ ਨਾਂ ਦਾ ਇਕ ਅੱਧਖੜ ਉਮਰ ਦਾ ਵਿਅਕਤੀ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ ਤੇ ਅਕਸਰ ਘਰ ’ਚ ਸਬਜ਼ੀ ਪਹੁੰਚਾਉਣ ਲਈ ਆਉਂਦਾ ਹੈ। ਕੁਝ ਸਮੇਂ ਤੋਂ ਉਹ ਸਤਿੰਦਰ ਨੂੰ ਵਿਆਹ ਲਈ ਤੰਗ-ਪ੍ਰੇਸ਼ਾਨ ਕਰ ਰਿਹਾ ਸੀ, ਪਰ ਸਤਿੰਦਰ ਨੇ ਉਸਨੂੰ ਸਾਫ਼ ਇਨਕਾਰ ਕਰ ਦਿੱਤਾ। ਘਟਨਾ ਵਾਲੀ ਰਾਤ, ਉਹ ਵਿਅਕਤੀ ਅਚਾਨਕ ਘਰ ’ਚ ਦਾਖਲ ਹੋ ਗਿਆ ਤੇ ਉਸ ’ਤੇ ਵਿਆਹ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਸਤਿੰਦਰ ਨੇ ਉਸਦਾ ਵਿਰੋਧ ਕੀਤਾ ਤੇ ਉਸਨੂੰ ਥੱਪੜ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ ਪਰ ਕੁਝ ਸਮੇਂ ਬਾਅਦ, ਉਹ ਦੁਬਾਰਾ ਪੈਟਰੋਲ ਦੀ ਬੋਤਲ ਲੈ ਕੇ ਵਾਪਸ ਆਇਆ ਤੇ ਕੰਧ ਟੱਪ ਕੇ ਘਰ ’ਚ ਦਾਖਲ ਹੋਇਆ। ਉਸਨੇ ਸਿੱਧਾ ਸਤਿੰਦਰ ’ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ, ਜਿਸ ਕਾਰਨ ਉਹ ਤੇ ਘਰ ’ਚ ਮੌਜੂਦ ਉਸਦੇ ਦੋ ਬੱਚੇ, ਜਿਨ੍ਹਾਂ ’ਚ ਲਗਭਗ 15 ਸਾਲ ਦੀ ਇਕ ਕੁੜੀ ਤੇ 7 ਸਾਲ ਦਾ ਇੱਕ ਮੁੰਡਾ ਸ਼ਾਮਲ ਸੀ, ਬੁਰੀ ਤਰ੍ਹਾਂ ਸੜ ਗਏ। ਅੱਗ ਦੀਆਂ ਲਪਟਾਂ ਤੇ ਚੀਕਾਂ ਦੇ ਵਿਚਕਾਰ, ਬੱਚਿਆਂ ਨੇ ਕਿਸੇ ਤਰ੍ਹਾਂ ਆਪਣੇ ਰਿਸ਼ਤੇਦਾਰਾਂ ਨੂੰ ਮੋਬਾਈਲ ’ਤੇ ਫ਼ੋਨ ਕੀਤਾ ਤੇ ਉਨ੍ਹਾਂ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ। ਇਲਾਕੇ ਦੇ ਲੋਕ ਤੇ ਪਰਿਵਾਰਕ ਮੈਂਬਰ ਵੀ ਮੌਕੇ ’ਤੇ ਪਹੁੰਚ ਗਏ ਤੇ ਸਾਰਿਆਂ ਨੂੰ ਉਨ੍ਹਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ।



