Punjab

ਦਰਗਾਹ ’ਤੇ ਹੋਏ ਨੌਜਵਾਨ ਦੇ ਕਤਲ ਦਾ ਦੋਸ਼ੀ ਪੰਮੀ ਬਾਬਾ ਗ੍ਰਿਫ਼ਤਾਰ

ਲੁਧਿਆਣਾ, 10 ਅਕਤੂਬਰ : ਲੁਧਿਆਣਾ ਸਥਾਨਕ ਢੰਡਾਰੀ ਕਲਾਂ ਰੇਲਵੇ ਸਟੇਸ਼ਨ ਦੇ ਨਜ਼ਦੀਕ ਦਰਗਾਹ ਦੇ ਸੰਚਾਲਕ ਦੇ ਮੁਰਗੇ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਵਿਅਕਤੀ ਨਾਲ ਡੇਰਾ ਸੰਚਾਲਕ ਤੇ ਉਸ ਦੇ ਸਾਥੀਆਂ ਵੱਲੋਂ ਕੀਤੀ ਗਈ ਕੁੱਟਮਾਰ ਮਗਰੋਂ ਫੱਟੜ ਉਕਤ ਵਿਅਕਤੀ ਦੀ ਜ਼ੇਰੇ ਇਲਾਜ ਮੌਤ ਹੋ ਗਈ ਸੀ। ਇਸ ਮਾਮਲੇ ’ਚ ਥਾਣਾ ਜੀਆਰਪੀ ਪੁਲਿਸ ਵੱਲੋਂ ਕੁੱਟਮਾਰ ਕਰਨ ਵਾਲੇ ਮੁਲਜ਼ਮਾਂ ਖਿਲਾਫ ਪਰਚਾ ਦਰਜ ਕਰ ਕੇ ਡੇਰਾ ਸੰਚਾਲਕ ਬਾਬਾ ਹਰਜਿੰਦਰ ਪਾਲ ਉਰਫ ਪੰਮੀ ਸ਼ਾਹ ਫੱਕਰ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। ਥਾਣਾ ਜੀਆਰਪੀ ਦੇ ਮੁੱਖ ਅਫਸਰ ਇੰਸਪੈਕਟਰ ਪਲਵਿੰਦਰ ਸਿੰਘ ਮੁਤਾਬਕ 6 ਅਕਤੂਬਰ ਦੁਪਹਿਰ ਕਰੀਬ 3 ਵਜੇ ਮੂਲ ਰੂਪ ’ਚ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਉਮੇਸ਼ ਕੁਮਾਰ ਯਾਦਵ ਆਪਣੇ ਤਾਏ ਦੇ ਲੜਕੇ ਬਬਲੂ ਯਾਦਵ ਨੂੰ ਗੱਡੀ ’ਚ ਬਿਠਾਉਣ ਲਈ ਢੰਡਾਰੀ ਕਲਾਂ ਸਟੇਸ਼ਨ ’ਤੇ ਆਇਆ ਸੀ, ਜਿਸ ਗੱਡੀ ’ਚ ਉਸ ਨੇ ਬਬਲੂ ਯਾਦਵ ਨੂੰ ਬਿਠਾਉਣਾ ਸੀ ਉਹ ਗੱਡੀ ਲੇਟ ਹੋਣ ਕਾਰਨ ਤੇ ਉਮੇਸ਼ ਦੀ ਤਬੀਅਤ ਖਰਾਬ ਹੋਣ ਕਾਰਨ ਉਹ ਬਬਲੂ ਯਾਦਵ ਨੂੰ ਰੇਲਵੇ ਸਟੇਸ਼ਨ ’ਤੇ ਛੱਡ ਕੇ ਆਪਣੇ ਘਰ ਵੱਲ ਤੁਰ ਪਿਆ। ਢੰਡਾਰੀ ਓਵਰਬ੍ਰਿਜ ਕੋਲ ਪਹੁੰਚ ਕੇ ਉਮੇਸ਼ ਯਾਦਵ ਲਾਈਨਾਂ ਦੇ ਨਜ਼ਦੀਕ ਹੀ ਬਣੇ ਪੀਰ ਬਾਬਾ ਦੀ ਦਰਗਾਹ ਅੰਦਰ ਜਾ ਕੇ ਲੰਮਾ ਪੈ ਗਿਆ। ਕੁਝ ਸਮਾਂ ਬਾਅਦ ਉਮੇਸ਼ ਦੀ ਅੱਖ ਖੁੱਲੀ ਤਾਂ ਉਸ ਨੇ ਦਰਗਾਹ ’ਚ ਘੁੰਮ ਰਹੇ ਸਫੇਦ ਰੰਗ ਦੇ ਮੁਰਗੇ ਨੂੰ ਫੜ ਕੇ ਉਸ ਦਾ ਗਲਾ ਆਪਣੇ ਦੰਦਾਂ ਨਾਲ ਕੱਟਣਾ ਸ਼ੁਰੂ ਕਰ ਦਿੱਤਾ। ਉਸ ਦੀ ਬੇਰਹਿਮੀ ਵਾਲੀ ਹਰਕਤ ਵੇਖ ਕੇ ਰਾਹੁਲ ਕੁਮਾਰ ਯਾਦਵ ਨੇ ਉਸ ਨੂੰ ਮੁਰਗੇ ਨਾਲ ਅਜਿਹੀ ਤਸ਼ੱਦਦ ਕਰਨ ਤੋਂ ਰੋਕਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਮੇਸ਼ ਆਪਣੀ ਹਰਕਤ ਤੋਂ ਬਾਜ਼ ਨਹੀਂ ਆਇਆ। ਇਸ ਦੌਰਾਨ ਦਰਗਾਹ ’ਚ ਮੱਥਾ ਟੇਕਣ ਆਏ 4 ਨੌਜਵਾਨਾਂ ਨੇ ਉਮੇਸ਼ ਯਾਦਵ ਨੂੰ ਦੰਦਾਂ ਨਾਲ ਮੁਰਗਾ ਵੱਢਦੇ ਵੇਖ ਕੇ ਰੋਕਿਆ ਤੇ ਹੱਥੋਂਪਾਈ ਕਰਨੀ ਸ਼ੁਰੂ ਕਰ ਦਿੱਤੀ। ਰਾਹੁਲ ਯਾਦਵ ਨੇ ਇਸ ਲੜਾਈ ਝਗੜੇ ਦੌਰਾਨ ’ਚ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਕਤ ਨੌਜਵਾਨਾਂ ਨੇ ਰਾਹੁਲ ਤੇ ਉਮੇਸ਼ ਨਾਲ ਵੀ ਕੁੱਟ ਮਾਰ ਕੀਤੀ। ਲੜਾਈ ਝਗੜੇ ਦਾ ਰੌਲਾ ਸੁਣ ਕੇ ਦਰਗਾਹ ਦਾ ਮੁੱਖ ਸੇਵਾਦਾਰ ਬਾਬਾ ਪੰਮੀ ਸ਼ਾਹ ਵੀ ਮੌਕੇ ’ਤੇ ਪੁੱਜ ਗਿਆ, ਜਦੋਂ ਉਸ ਨੇ ਵੇਖਿਆ ਕਿ ਕਈ ਸਾਲ ਤੋਂ ਪਾਲੇ ਹੋਏ ਮੁਰਗੇ ਨੂੰ ਉਮੇਸ਼ ਯਾਦਵ ਨੇ ਕਿਸ ਬੇਰਹਿਮੀ ਨਾਲ ਵੱਢ ਕੇ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਗੁੱਸੇ ’ਚ ਉਮੇਸ਼ ਯਾਦਵ ਤੇ ਰਾਹੁਲ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਦਰਗਾਹ ਦੇ ਮੁੱਖ ਸੇਵਾਦਾਰ ਪੰਮੀ ਸ਼ਾਹ ਵੱਲੋਂ ਉਮੇਸ਼ ਯਾਦਵ ਦਾ ਸਿਰ ਵਾਰ ਵਾਰ ਕੰਧ ’ਚ ਮਾਰਨ ਕਾਰਨ ਉਮੇਸ਼ ਗੰਭੀਰ ਰੂਪ ਨਾਲ ਫੱਟੜ ਹੋ ਗਿਆ। ਰਾਹੁਲ ਤੇ ਉਮੇਸ਼ ਨੂੰ ਕੁੱਟਣ ਮਗਰੋਂ ਉਨ੍ਹਾਂ ਦੋਨਾਂ ਨੂੰ ਇੱਕ ਕਮਰੇ ’ਚ ਬੰਦ ਕਰ ਦਿੱਤਾ ਪਰ ਰਾਹੁਲ ਨੇ ਆਪਣੇ ਮੋਬਾਈਲ ਰਾਹੀਂ ਆਪਣੇ ਪਿਤਾ ਬਜਰੰਗੀ ਯਾਦਵ ਨੂੰ ਸਾਰੀ ਗੱਲ ਦੱਸ ਦਿੱਤੀ। ਉਕਤ ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਰਾਹੁਲ ਦਾ ਪਿਤਾ ਬਜਰੰਗੀ ਯਾਦਵ ਆਪਣੇ ਕੁਝ ਸਾਥੀਆਂ ਨੂੰ ਨਾਲ ਲੈ ਕੇ ਮੌਕੇ ’ਤੇ ਪੁੱਜਾ ਤੇ ਕਿਸੇ ਤਰ੍ਹਾਂ ਮਿੰਨਤਾਂ ਕਰ ਕੇ ਦੋਨਾਂ ਨੂੰ ਆਪਣੇ ਨਾਲ ਲੈ ਆਇਆ। ਡੇਰਾ ਮੁਖੀ ਦੇ ਕੁਝ ਸਾਥੀਆਂ ਨੇ ਇੱਕ ਆਟੋ ਨੂੰ ਰੋਕ ਕੇ ਰਾਹੁਲ, ਬਜਰੰਗੀ, ਅਦਬ ਤੇ ਉਮੇਸ਼ ਨੂੰ ਆਟੋ ’ਚ ਬਿਠਾਇਆ ਤੇ ਖੁਦ ਚਲੇ ਗਏ। ਰਾਹੁਲ ਯਾਦਵ ਤੇ ਉਸ ਦੇ ਪਿਤਾ ਬਜਰੰਗੀ ਯਾਦਵ ਨੇ ਉਮੇਸ਼ ਨੂੰ ਬੇਹਦ ਗੰਭੀਰ ਹਾਲਤ ’ਚ ਇਲਾਜ ਲਈ ਸਿਵਲ ਹਸਪਤਾਲ ਲੁਧਿਆਣਾ ਭਰਤੀ ਕਰਵਾਇਆ, ਜਿੱਥੇ ਜ਼ੇਰੇ ਇਲਾਜ ਅਗਲੇ ਦਿਨ ਉਮੇਸ਼ ਦਮ ਤੋੜ ਗਿਆ। ਉਕਤ ਵਾਰਦਾਤ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਜੀਆਰਪੀ ਪੁਲਿਸ ਵੱਲੋਂ ਪਰਚਾ ਦਰਜ ਕਰ ਕੇ ਛਾਪੇਮਾਰੀ ਦੌਰਾਨ ਡੇਰਾ ਮੁਖੀ ਬਾਬਾ ਹਰਜਿੰਦਰ ਪਾਲ ਉਰਫ ਪੰਮੀ ਸ਼ਾਹ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਉਕਤ ਕਤਲ ਮਹਿਜ ਇੱਕ ਮੁਰਗੇ ਕਾਰਨ ਅੰਜਾਮ ਦਿੱਤਾ ਗਿਆ ਸੀ। ਇਸ ਮਾਮਲੇ ’ਚ ਸ਼ਾਮਲ ਬਾਕੀ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਪੁਲਿਸ ਦੀ ਛਾਪੇਮਾਰੀ ਜਾਰੀ ਹੈ।

Related Articles

Leave a Reply

Your email address will not be published. Required fields are marked *

Back to top button