
ਸ੍ਰੀ ਗੋਇੰਦਵਾਲ ਸਾਹਿਬ, 28 ਜੁਲਾਈ : ਥਾਣਾ ਵੈਰੋਂਵਾਲ ਦੀ ਪੁਲਿਸ ਨੇ ਸੂਚਨਾ ਦੇ ਆਧਾਰ ’ਤੇ ਦੋ ਥਾਵਾਂ ’ਤੇ ਛਾਪੇਮਾਰੀ ਕਰ ਕੇ ਵੱਡੀ ਮਾਤਰਾ ’ਚ ਲਾਹਣ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਜਿਸ ਸਬੰਧੀ ਪੰਜ ਲੋਕਾਂ ਖ਼ਿਲਾਫ਼ ਆਬਕਾਰੀ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਇਕ ਵਿਅਕਤੀ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। ਥਾਣਾ ਵੈਰੋਂਵਾਲ ਦੇ ਮੁਖੀ ਸਬ-ਇੰਸਪੈਕਟਰ ਨਰੇਸ਼ ਕੁਮਾਰ ਨੇ ਦੱਸਿਆ ਕਿ ਏਐੱਸਆਈ ਲਖਵਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਗਸ਼ਤ ’ਤੇ ਸੀ। ਇਸੇ ਦੌਰਾਨ ਮਿਲੀ ਸੂਚਨਾ ਦੇ ਆਧਾਰ ’ਤੇ ਛਾਪੇਮਾਰੀ ਕਰ ਕੇ ਜਗਜੀਤ ਸਿੰਘ ਜੱਗੀ ਪੁੱਤਰ ਦਰਸ਼ਨ ਸਿੰਘ ਵਾਸੀ ਏਕਲਗੱਡ ਨੂੰ 305 ਕਿੱਲੋ ਲਾਹਣ ਬਰਾਮਦ ਕਰ ਕੇ ਗ੍ਰਿਫਤਾਰ ਕੀਤਾ। ਜਦੋਂਕਿ ਏਐੱਸਆਈ ਚਰਨਜੀਤ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਅੱਡਾ ਸਰਲੀ ਕੋਲ ਮੌਜੂਦ ਸੀ। ਇਸੇ ਦੌਰਾਨ ਮਿਲੀ ਸੂਚਨਾ ਦੇ ਆਧਾਰ ’ਤੇ ਬਲਕਾਰ ਸਿੰਘ ਪੁੱਤਰ ਸੁੱਚਾ ਸਿੰਘ, ਕੰਵਲਜੀਤ ਪੁੱਤਰ ਬਲਕਾਰ ਸਿੰਘ, ਕਸ਼ਮੀਰ ਸਿੰਘ ਲਾਡੀ ਪੁੱਤਰ ਗਿਆਨ ਸਿੰਘ ਤੇ ਹੀਰਾ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਏਕਲਗੱਡਾ ਦੀ ਜ਼ਮੀਨ ਵਿੱਚੋਂ 400 ਕਿੱਲੋ ਲਾਹਣ ਬਰਾਮਦ ਕੀਤੀ। ਉਕਤ ਲੋਕਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।



