Punjab

ਤੇਲ ਤੇ ਗੈਸ ਲਈ ਤਰਸ ਰਿਹਾ ਦੇਸ਼, ਜ਼ਿੰਮੇਵਾਰ ਕੌਣ?

ਭਗਵੰਤ ਮਾਨ ਨੇ ਬੀਜੇਪੀ ਦੀ ਵਿਦੇਸ਼ ਨੀਤੀ 'ਤੇ ਉਠਾਏ ਗੰਭੀਰ ਸਵਾਲ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 16 ਮਾਰਚ : ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਦੀ ਵਿਦੇਸ਼ ਨੀਤੀ ਦੇ ਅਸਫਲ ਰਹਿਣ ਕਾਰਨ ਅੱਜ ਪੂਰਾ ਦੇਸ਼ ਤੇਲ ਅਤੇ ਐਲਪੀਜੀ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਪ੍ਰਧਾਨ ਮੰਤਰੀ ਦੇ ਲਗਾਤਾਰ ਵਿਦੇਸ਼ੀ ਦੌਰਿਆਂ ਦੇ ਬਾਵਜੂਦ ਦੇਸ਼ ਕੂਟਨੀਤਕ ਸਬੰਧਾਂ ਅਤੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਨੇ ਕੇਂਦਰ ਵਿੱਚ ਸਿਰਫ਼ ਕੁਝ ਨੇਤਾਵਾਂ ਦੇ ਹੱਥਾਂ ਵਿੱਚ ਸੱਤਾ ਦੀ ਵਾਗਡੋਰ ਹੋਣ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅਜਿਹਾ ਰੁਝਾਨ ਲੋਕਤੰਤਰ ਲਈ ਬਹੁਤ ਘਾਤਕ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਐਲਪੀਜੀ ਅਤੇ ਤੇਲ ਸੰਕਟ ਦਾ ਪਹਿਲਾਂ ਹੀ ਅੰਦਾਜ਼ਾ ਹੋਣਾ ਚਾਹੀਦਾ ਸੀ ਅਤੇ ਆਮ ਲੋਕਾਂ ਨੂੰ ਕਿਸੇ ਵੀ ਅਸੁਵਿਧਾ ਤੋਂ ਬਚਾਉਣ ਲਈ ਸਮਾਂ ਰਹਿੰਦੇ ਉਚਿਤ ਪ੍ਰਬੰਧ ਕੀਤੇ ਜਾਣੇ ਚਾਹੀਦੇ ਸਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸ਼ਨੀਵਾਰ ਨੂੰ ਪੰਜਾਬ ਦੌਰੇ ਦੌਰਾਨ ਕੀਤੀਆਂ ਗਈਆਂ ਟਿੱਪਣੀਆਂ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਸ਼ਾਹ ਨੇ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਨਸ਼ੇ ਦੇ ਮੁੱਦੇ ‘ਤੇ ਪੰਜਾਬ ਨੂੰ ਬਦਨਾਮ ਕਰਨ ਲਈ ਝੂਠੇ ਬਿਆਨ ਦਿੱਤੇ ਹਨ। ਮੁੱਖ ਮੰਤਰੀ ਨੇ ਗ੍ਰਹਿ ਮੰਤਰੀ ਨੂੰ ਚੁਣੌਤੀ ਦਿੱਤੀ ਕਿ ਉਹ ਆਪਣੇ ਅਧੀਨ ਕੰਮ ਕਰਨ ਵਾਲੀਆਂ ਕੇਂਦਰੀ ਏਜੰਸੀਆਂ ਦੀਆਂ ਨਾਕਾਮੀਆਂ ਬਾਰੇ ਜਨਤਾ ਨੂੰ ਦੱਸਣ। ਉਨ੍ਹਾਂ ਕਿਹਾ ਕਿ ਸ਼ਾਹ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਬੀ.ਐੱਸ.ਐੱਫ. ਅਤੇ ਹੋਰ ਕੇਂਦਰੀ ਏਜੰਸੀਆਂ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਰੋਕਣ ਵਿੱਚ ਕਿਉਂ ਅਸਫਲ ਰਹੀਆਂ ਹਨ। ਮੁੱਖ ਮੰਤਰੀ ਨੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਨਸ਼ੀਲੇ ਪਦਾਰਥਾਂ ਦੀ ਵੱਡੀ ਬਰਾਮਦਗੀ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਦੇ ਆਪਣੇ ਗ੍ਰਹਿ ਰਾਜ ਵਿੱਚ ਮੁੰਦਰਾ ਬੰਦਰਗਾਹ ਤੋਂ 3,000 ਕਿਲੋਗ੍ਰਾਮ ਤੋਂ ਵੱਧ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਸਨ, ਪਰ ਉਸ ਮੁੱਦੇ ‘ਤੇ ਚੁੱਪ ਧਾਰ ਲਈ ਗਈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਗੇ ਟਿੱਪਣੀ ਕੀਤੀ ਕਿ ਕੇਂਦਰੀ ਕੈਬਨਿਟ ਵਿੱਚ ਫੈਸਲੇ ਲੈਣ ਦਾ ਕੰਮ ਕੁਝ ਚੋਣਵੇਂ ਹੱਥਾਂ ਤੱਕ ਹੀ ਸੀਮਤ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਦੋ “ਵੱਡੇ” ਵਿਅਕਤੀਆਂ ਨੂੰ ਛੱਡ ਕੇ ਪੂਰੀ ਕੇਂਦਰੀ ਕੈਬਨਿਟ ਵਿੱਚ ਕੋਈ ਵੀ ਮੰਤਰੀ ਫੈਸਲਾ ਲੈਣ ਦੀ ਪ੍ਰਕਿਰਿਆ ਵਿੱਚ ਪ੍ਰਭਾਵਸ਼ਾਲੀ ਨਹੀਂ ਹੈ, ਅਤੇ ਛੋਟੇ-ਛੋਟੇ ਫੈਸਲੇ ਵੀ ਇਹੀ ਜੋੜੀ ਲੈਂਦੀ ਹੈ, ਜੋ ਦੇਸ਼ ਨੂੰ ਤਾਨਾਸ਼ਾਹੀ ਢੰਗ ਨਾਲ ਚਲਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮੰਦਭਾਗੀ ਸਥਿਤੀ ਨੇ ਦੇਸ਼ ਵਾਸੀਆਂ ਨੂੰ ਸਮੱਸਿਆਵਾਂ ਦੀ ਦਲਦਲ ਵਿੱਚ ਧੱਕ ਦਿੱਤਾ ਹੈ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਫਿਲਮ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਹਿੰਦੀ ਫਿਲਮਾਂ ਦੀ ਪੋਸਟ-ਪ੍ਰੋਡਕਸ਼ਨ ਅਤੇ ਸ਼ੂਟਿੰਗ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਦਿਸ਼ਾ ਵਿੱਚ ਪਹਿਲਾਂ ਹੀ ਠੋਸ ਪਹਿਲਕਦਮੀਆਂ ਸ਼ੁਰੂ ਕੀਤੀਆਂ ਜਾ ਚੁੱਕੀਆਂ ਹਨ।

Related Articles

Leave a Reply

Your email address will not be published. Required fields are marked *

Back to top button