Punjab

ਤੇਜ਼ਧਾਰ ਹਥਿਆਰਾਂ ਨਾਲ ਔਰਤ ਦਾ ਕਤਲ, ਦੋ ਮੁਲਜ਼ਮ ਗ੍ਰਿਫ਼ਤਾਰ

ਮੋਰਿੰਡਾ, 14 ਅਗਸਤ : ਮੋਰਿੰਡਾ ਦੇ ਨੇੜਲੇ ਪਿੰਡ ਰਾਮਗੜ੍ਹ ਵਿਖੇ ਬੁੱਧਵਾਰ ਨੂੰ ਲੜਾਈ ਦੌਰਾਨ ਇਕ ਔਰਤ ਦੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਜਾਣ ਦੀ ਖ਼ਬਰ ਹੈ। ਇਸ ਸੰਬੰਧ ਵਿੱਚ ਮੋਰਿੰਡਾ ਪੁਲਿਸ ਨੇ ਦੋ ਵਿਅਕਤੀਆਂ ਖਿ਼ਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਐੱਸਐੱਚਓ ਸਦਰ ਮੋਰਿੰਡਾ ਇੰਸਪੈਕਟਰ ਕੈਲਾਸ਼ ਬਹਾਦਰ ਨੇ ਦੱਸਿਆ ਕਿ ਇਹ ਮਾਮਲਾ ਰਾਜਵੀਰ ਸਿੰਘ ਪੁੱਤਰ ਗੁਰਮੁਖ ਸਿੰਘ ਵਾਸੀ ਪਿੰਡ ਰਾਮਗੜ੍ਹ ਦੇ ਬਿਆਨਾਂ ਦੇ ਆਧਾਰ ‘ਤੇ ਗੁਰਮੁਖ ਸਿੰਘ ਪੁੱਤਰ ਕੇਹਰ ਸਿੰਘ ਅਤੇ ਨਵਜੋਤ ਸਿੰਘ ਪੁੱਤਰ ਗੁਰਮੁਖ ਸਿੰਘ ਵਾਸੀ ਪਿੰਡ ਰਾਮਗੜ੍ਹ ਖਿਲਾਫ ਧਾਰਾ 126 (2),115 (2),118 (1),3(5) ਬੀਐੱਨਐੱਸ (341,323,324,34 ਆਈਪੀਸੀ) ਤਹਿਤ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗੁਰਮੁਖ ਸਿੰਘ ਤੇ ਨਵਜੋਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਉਹਨਾਂ ਦਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਮਿਲਿਆ। ਉਹਨਾਂ ਦੱਸਿਆ ਕਿ ਰਾਜਵੀਰ ਸਿੰਘ ਪੁੱਤਰ ਗੁਰਮੁਖ ਸਿੰਘ ਵਾਸੀ ਪਿੰਡ ਰਾਮਗੜ੍ਹ ਵੱਲੋਂ ਬਿਆਨ ਦਰਜ ਕਰਵਾਏ ਗਏ ਕਿ ਗੁਰਮੁਖ ਸਿੰਘ ਪੁੱਤਰ ਕੇਹਰ ਸਿੰਘ ਅਤੇ ਨਵਜੋਤ ਸਿੰਘ ਪੁੱਤਰ ਗੁਰਮੁਖ ਸਿੰਘ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਰਾਜਵੀਰ ਸਿੰਘ, ਉਸਦੀ ਚਾਚੀ ਮਨਜੀਤ ਕੌਰ ਅਤੇ ਉਸਦੀ ਚਚੇਰੀ ਭੈਣ ਪਰਮਜੀਤ ਕੌਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ, ਜਿਸ ਵਿੱਚ ਉਹ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਿੱਥੇ ਮਨਜੀਤ ਕੌਰ ਦੀ ਇਲਾਜ ਦੌਰਾਨ ਮੌਤ ਹੋ ਗਈ। ਐੱਸਐੱਚਓ ਨੇ ਦੱਸਿਆ ਕਿ ਜ਼ਖ਼ਮੀ ਮਨਜੀਤ ਕੌਰ ਦੀ ਮੌਤ ਹੋ ਜਾਣ ‘ਤੇ ਜੁਰਮ ਵਿੱਚ ਧਾਰਾ 103 ਬੀਐਨਐਸ ਦਾ ਵਾਧਾ ਕੀਤਾ ਗਿਆ। ਉਹਨਾਂ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਕਿਰਚ ਟਾਈਪ ਤੇਜ਼ਧਾਰ ਹਥਿਆਰ ਅਤੇ ਡੰਡਾ ਬਰਾਮਦ ਕੀਤਾ ਗਿਆ। ਉਹਨਾਂ ਦੱਸਿਆ ਕਿ ਰਾਜਵੀਰ ਸਿੰਘ ਫੇਸ 6 ਮੋਹਾਲੀ ਵਿਖੇ ਜ਼ੇਰੇ ਇਲਾਜ ਹੈ ਜਦਕਿ ਪਰਮਜੀਤ ਕੌਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ ਇਸ ਮਾਮਲੇ ਸਬੰਧੀ ਹੋਰ ਜਾਂਚ ਜਾਰੀ ਹੈ।

Related Articles

Leave a Reply

Your email address will not be published. Required fields are marked *

Back to top button