Punjab

ਜਿਮ ‘ਚ ਵਧ ਰਹੇ ਹਾਦਸਿਆਂ ਨੂੰ ਵੇਖਦਿਆਂ ਪੰਜਾਬ ਸਰਕਾਰ ਨੇ ਚੁੱਕਿਆ ਵੱਡਾ ਕਦਮ, ਐਡਵਾਈਜ਼ਰੀ ਕਰ ‘ਤੀ ਜਾਰੀ

ਬਠਿੰਡਾ, 14 ਅਗਸਤ : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਤੰਦਰੁਸਤ ਰੱਖਣ ਲਈ ਵੱਖ-ਵੱਖ ਉਪਰਾਲੇ ਕਰ ਰਹੀ ਹੈ। ਪਿਛਲੇ ਦਿਨੀਂ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਵੱਲੋਂ ਜਿਮ ਦੌਰਾਨ ਵਰਤ ਰਹੇ ਹਾਦਸਿਆਂ ਨੂੰ ਮੁੱਖ ਰੱਖਦੇ ਹੋਏ ਜਿਮ ਜਾਣ ਵਾਲਿਆਂ ਅਤੇ ਖਿਡਾਰੀਆਂ ਲਈ ਸਲਾਹ ਜਾਰੀ ਕੀਤੀ ਗਈ। ਸਿਵਲ ਸਰਜਨ ਡਾ. ਤਪਿੰਦਰਜੋਤ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕਸਰਤ ਕਰਨਾ ਸਿਹਤ ਲਈ ਜਰੂਰੀ ਹੈ, ਪਰ ਕੁਝ ਕੁ ਸਾਵਧਾਨੀਆਂ ਵਰਤ ਕੇ ਕਸਰਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਦੀ ਨਿਯਮਿਤ ਜੀਵਨ ਸ਼ੈਲੀ ਹੋਵੇ, ਛਾਤੀ ਵਿਚ ਦਰਦ ਨਾ ਰਹਿੰਦਾ ਹੋਵੇ, ਸਾਹ ਨਾ ਚੜ੍ਹਨਾ, ਧੜਕਣ ਤੇਜ਼ ਨਾ ਹੋਵੇ, ਚੱਕਰ ਆਉਣ ਜਾਂ ਬੇਹੋਸ਼ੀ ਜਾਂ ਹੋਸ਼ ਗੁਆਉਣ ਦਾ ਕੋਈ ਵੀ ਇਤਿਹਾਸ ਨਾ ਹੋਵੇ, ਬਲੱਡ ਪ੍ਰੈਸ਼ਰ ਅਤੇ ਖੂਨ ਵਿੱਚ ਸ਼ੂਗਰ ਦਾ ਸਹੀ ਪੱਧਰ ਹੋਵੇ, ਸਿਗਰਟ ਜਾਂ ਜ਼ਿਆਦਾ ਸ਼ਰਾਬ ਨਾ ਪੀਣ ਵਾਲੇ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾ ਕਰਨ ਵਾਲੇ ਲੋਕ, ਦਿਲ ਦੀ ਬਿਮਾਰੀ ਦਾ ਕੋਈ ਨਿੱਜੀ ਇਤਿਹਾਸ ਨਾ ਹੋਵੇ ਤਾਂ ਇਹ ਲੋਕ ਬਿਨ੍ਹਾਂ ਡਾਕਟਰ ਦੀ ਸਲਾਹ ਤੋਂ ਜਿੰਮ/ਕਸਰਤ/ਐਰੋਬਿਕਸ/ਤੈਰਾਕੀ ਸ਼ੁਰੂ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਲੋਕਾ ਦੀ ਉਮਰ 40 ਸਾਲ ਤੋਂ ਵੱਧ ਹੋਵੇ, ਸ਼ੂਗਰ ਮੋਟਾਪਾ ਅਤੇ ਬਲੱਡ ਪ੍ਰੈਸ਼ਰ ਹੋਵੇ, ਸਿਗਰਟ ਪੀਣ ਵਾਲੇ, ਘੱਟ ਕੰਮ ਕਰਨ ਵਾਲੀ ਜੀਵਨ ਸ਼ੈਲੀ, ਸਾਹ ਚੜ੍ਹਣਾ ਜਾ ਧੜਕਣ ਵਧਣਾ, ਖੂਨ ਪਤਲਾ ਕਰਨ ਵਾਲੀਆਂ ਦਵਾਈਆਂ ਵਰਤਣ ਵਾਲੇ, ਲੰਬੀ ਬਿਮਾਰੀ ਦੀਆਂ ਦਵਾਈਆਂ ਖਾਣ ਵਾਲੇ, ਦਿਲ ਦੀ ਬਿਮਾਰੀ, ਬਹੁਤ ਜ਼ਿਆਦਾ ਮੋਟਾਪਾ ਹੋਵੇ, ਅਧਰੰਗ ਦਾ ਇਤਿਹਾਸ ਹੋਵੇ ਤਾਂ ਇਨ੍ਹਾਂ ਲੋਕਾਂ ਨੂੰ ਡਾਕਟਰ ਦੀ ਸਲਾਹ ਨਾਲ ਹੀ ਜਿਮ ਕਰਨਾ ਚਾਹੀਦਾ ਹੈ। ਇਨ੍ਹਾਂ ਲੋਕਾਂ ਨੂੰ ਕੋਈ ਵੀ ਕਸਰਤ/ਗਤੀਵਿਧੀ ਸ਼ੁਰੂ ਕਰਨ ਤੋਂ ਪਹਿਲਾਂ ਇਕ ਮਾਹਿਰ ਨਾਲ ਸਲਾਹ ਮਸ਼ਵਰਾ ਕਰਨਾ ਚਾਹੀਦਾ ਹੈ। ਸਿਵਲ ਸਰਜਨ ਨੇ ਕਿਹਾ ਕਿ ਜਿਮ ਜਾਣ ਵਾਲੇ ਅਤੇ ਖਿਡਾਰੀਆਂ ਨੂੰ ਕੁਦਰਤੀ ਭੋਜਨ ਖਾਣਾ ਚਾਹੀਦਾ ਹੈ। ਉਨ੍ਹਾਂ ਨੂੰ ਇਕ ਤੋਂ ਡੇਢ ਗ੍ਰਾਮ ਪ੍ਰਤੀ ਕਿਲੋਗ੍ਰਾਮ ਭਾਰ ਦੇ ਹਿਸਾਬ ਨਾਲ ਹਰ ਰੋਜ਼ ਪ੍ਰੋਟੀਨ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪ੍ਰੋਟੀਨ ਪਾਊਡਰ ਨੂੰ ਸਾਵਧਾਨੀ ਨਾਲ ਵਰਤੋਂ। ਇਨ੍ਹਾਂ ਵਿਚ ਲੈਡ, ਆਰਸੈਨਿਕ ਅਤੇ ਹੋਰ ਭਾਰੀ ਧਾਤਾਂ ਹੋ ਸਕਦੀਆਂ ਹਨ। ਕਰੈਟਿਨ ਸਪਲੀਮੈਂਟ ਨੂੰ 3 ਤੋਂ 5 ਗ੍ਰਾਮ ਪ੍ਰਤੀ ਦਿਨ ਵਰਤਣਾ ਚਾਹੀਦਾ ਹੈ, ਜ਼ਿਆਦਾ ਵਰਤਣ ਨਾਲ ਗੁਰਦੇ ਖਰਾਬ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਪ੍ਰਮਾਣਿਤ ਉਤਪਾਦਾਂ ਦੀ ਸਹੀ ਚੋਣ ਕਰੋ। ਢੁੱਕਵੀਂ ਮਾਤਰਾ ਵਿਚ ਤਰਲ ਪਦਾਰਥ ਪੀਓ। ਮਹੀਨੇ ਵਿਚ ਵਿਟਾਮਿਨ ਡੀ 60000 ਆਈਯੂ ਲੈ ਸਕਦੇ ਹੋ। ਉਨ੍ਹਾਂ ਕਿਹਾ ਕਿ ਐਨਾਬੋਲਿਕ ਸਪਲੀਮੈਂਟ, ਐਨਰਜੀ ਡਰਿੰਕਸ, ਸਟੀਮੂਲੈਂਟਸ, ਕੈਫੀਨ ਦੀ ਵੱਧ ਮਾਤਰਾ ਵਿੱਚ ਵਰਤੋਂ ਨਾ ਕਰੋ। ਇਸ ਨੂੰ ਵਰਤਣ ਨਾਲ ਹਾਰਮੋਨਾਂ ਦਾ ਅਸੰਤੁਲਤ ਤੇ ਗੁਰਦੇ, ਜਿਗਰ ਅਤੇ ਦਿਲ ਨਾਲ ਸੰਬੰਧਿਤ ਬਿਮਾਰੀਆਂ ਲੱਗ ਸਕਦੀਆਂ ਹਨ। ਜੇਕਰ ਜ਼ਿਆਦਾ ਕਮਜ਼ੋਰੀ, ਥਕਾਵਟ, ਛਾਤੀ ਵਿਚ ਦਰਦ, ਸਾਹ ਚੜ੍ਹਨਾ, ਪੀਲੀਆ ਜਾਂ ਸੋਜ਼, ਪਿਸ਼ਾਬ ਦੇ ਰੰਗ ਵਿਚ ਬਦਲਾਅ ਹੋਵੇ ਤਾਂ ਤੁਰੰਤ ਡਾਕਟਰੀ ਸਲਾਹ ਲਵੋ। ਘਰ ਵਿਚ ਬਣੇ ਆਹਾਰ ਦਾ ਸੇਵਨ ਕਰੋ। ਪ੍ਰੋਟੀਨ ਦੇ ਕੁਦਰਤੀ ਸਰੋਤ ਮੁਰਗਾ, ਅੰਡਾ, ਮੱਛੀ, ਪਨੀਰ, ਸੋਇਆਬੀਨ, ਦਾਲਾਂ, ਦੁੱਧ, ਦਹੀਂ ਅਤੇ ਲੱਸੀ ਦੀ ਵਰਤੋਂ ਕਰਨੀ ਚਾਹੀਦੀ ਹੈ। ਹਰ ਰੋਜ਼ 3 ਤੋਂ 4 ਲੀਟਰ ਸਾਫ਼ ਪਾਣੀ ਪੀਣਾ ਚਾਹੀਦਾ ਹੈ।

Related Articles

Leave a Reply

Your email address will not be published. Required fields are marked *

Back to top button