
ਬਠਿੰਡਾ, 13 ਅਗਸਤ : ਪਿਛਲੇ ਤਿੰਨ ਸਾਲਾਂ ਵਿੱਚ ਬਠਿੰਡਾ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਏਮਜ਼ ਦੇ 22 ਡਾਕਟਰ ਆਪਣਾ ਅਸਤੀਫਾ ਦੇ ਚੁੱਕੇ ਹਨ। ਹਾਲਾਂਕਿ ਇੰਨ੍ਹਾਂ ਤਿੰਨ ਸਾਲਾਂ ਵਿੱਚ ਦੇਸ਼ ਭਰ ਦੇ ਅਲੱਗ ਅਲੱਗ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਦੇ 429 ਫੈਕਲਟੀ ਡਾਕਟਰਾਂ ਨੇ ਆਪਣਾ ਅਸਤੀਫਾ ਦਿੱਤਾ ਹੈ। ਏਮਜ਼ ਦੇ ਡਾਕਟਰਾਂ ਵੱਲੋਂ ਅਸਤੀਫੇ ਦੇਣ ਦੇ ਕਾਰਨਾਂ ਦਾ ਅਜੇ ਤਕ ਕੋਈ ਪਤਾ ਨਹੀਂ ਚੱਲ ਸਕਿਆ, ਪਰ ਇਹ ਜਾਣਕਾਰੀ ਕੇਂਦਰ ਸਰਕਾਰ ਵੱਲੋਂ ਸੰਸਦ ਵਿੱਚ ਸਾਂਝੀ ਕੀਤੀ ਗਈ ਹੈ ਕਿ ਏਮਜ਼ ਦੇ ਡਾਕਟਰ ਲਗਾਤਾਰ ਆਪਣੇ ਅਸਤੀਫੇ ਦੇ ਰਹੇ ਹਨ। ਬਠਿੰਡਾ ਦੇ ਏਮਜ਼ ਵਿੱਚੋਂ ਤਿੰਨ ਸਾਲਾਂ ਵਿਚ 22 ਡਾਕਟਰਾਂ ਵੱਲੋਂ ਨੌਕਰੀਆਂ ਛੱਡ ਜਾਣ ਤੋਂ ਪਤਾ ਲੱਗਦਾ ਹੈ ਕਿ ਹਰ ਸਾਲ ਸੱਤ ਡਾਕਟਰ ਏਮਜ਼ ਨੂੰ ਛੱਡ ਕੇ ਜਾ ਰਹੇ ਹਨ। ਆਪਣੀਆਂ ਨੌਕਰੀਆਂ ਤੋਂ ਅਫ਼ਤੀਫੇ ਦੇਣ ਦਾ ਕਾਰਨ ਡਾਕਟਰਾਂ ਨੇ ਕੋਈ ਸਪੱਸ਼ਟ ਨਹੀਂ ਕੀਤਾ ਹੈ, ਪਰ ਡਾਕਟਰਾਂ ਦਾ ਏਮਜ਼ ਨੂੰ ਛੱਡ ਕੇ ਜਾਣਾ ਚਿੰਤਾ ਦਾ ਵਿਸ਼ਾ ਜਰੂਰ ਹੈ।ਕੇਂਦਰੀ ਰਾਜ ਮੰਤਰੀ ਪ੍ਰਤਾਪ ਰਾਓ ਯਾਦਵ ਵੱਲੋਂ ਰਾਜ ਸਭਾ ਵਿੱਚ ਪੇਸ਼ ਕੀਤੇ ਡਾਟੇ ਤੋਂ ਪਤਾ ਚਲਦਾ ਹੈ ਕਿ ਡਾਕਟਰਾਂ ਨੇ ਇਹ ਅਸਤੀਫੇ 2022 ਤੋ 2024 ਵਿੱਚ ਦਿੱਤੇ ਹਨ। ਬਠਿੰਡਾ ਹੀ ਨਹੀਂ ਸਗੋਂ ਦਿੱਲੀ ਏਮਜ਼ ਦੇ 52 ਡਾਕਟਰਾਂ ਨੇ ਵੀ ਆਪਣੇ ਅਸਤੀਫ਼ੇ ਇਸ ਤਿੰਨ ਸਾਲਾਂ ਦੌਰਾਨ ਦਿੱਤੇ ਹਨ। ਜ਼ਿਕਰਯੋਗ ਹੈ ਕਿ ਦਸੰਬਰ 2019 ਵਿਚ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਬਠਿੰਡਾ ਵਿਚ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ ਵਰਧਨ, ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਜਨਤਕ ਸਮਾਗਮ ਦੌਰਾਨ ਓਪੀਡੀ ਸੇਵਾਵਾਂ ਦਾ ਉਦਘਾਟਨ ਕੀਤਾ ਸੀ। ਸਾਲ 2020 ਵਿਚ ਓਪੀਡੀ ਸੇਵਾਵਾਂ ਮਰੀਜ਼ਾਂ ਨੂੰ ਮਿਲਣੀਆਂ ਸ਼ੁਰੂ ਹੋ ਗਈਆਂ ਸਨ। 170 ਏਕੜ ਵਿਚ ਬਣੇ ਏਮਜ਼ ਉਪਰ 925 ਕਰੋੜ ਰੁਪਏ ਤੋਂ ਵਧ ਰਾਸ਼ੀ ਖਰਚ ਹੋਈ ਹੈ। 750 ਬਿਸਤਰਿਆਂ ਵਾਲੇ ਇਸ ਹਸਪਤਾਲ ‘ਚ ਆਮ ਲੋਕਾਂ ਨੂੰ ਦੂਰ-ਦੁਰਾਡੇ ਵੱਡੇ ਹਸਪਤਾਲਾਂ ਵਿੱਚ ਜਾਣ ਦੀ ਬਜਾਏ ਇੱਥੇ ਹੀ ਵਧੀਆ ਅਤੇ ਘੱਟ ਦਰਾਂ ‘ਤੇ ਸਿਹਤ ਸਹੂਲਤਾਂ ਮਿਲ ਰਹੀਆਂ। ਏਮਜ਼ ਵਿਚ ਪੰਜਾਬ ਹੀ ਨਹੀਂ ਸਗੋਂ ਹਰਿਆਣਾ ਤੇ ਰਾਜਸਥਾਨ ਤਕ ਦੇ ਮਰੀਜ਼ ਆਪਣੇ ਇਲਾਜ ਲਈ ਆ ਰਹੇ ਹਨ। ਦੂਜੇ ਏਮਜ਼ ਬਠਿੰਡਾ ਦੇ ਮੈਡੀਕਲ ਸੁਪਰਡੰਟ ਡਾ. ਰਾਜੀਵ ਗੁਪਤਾ ਦਾ ਕਹਿਣਾ ਸੀ ਕਿ ਡਾਕਟਰਾਂ ਦਾ ਨੌਕਰੀਆਂ ਛੱਡ ਕੇ ਜਾਣਾ ਆਮ ਗੱਲ ਹੈ। ਡਾਕਟਰ ਇੱਧਰ ਉੱਧਰ ਜਾਂਦੇ ਰਹਿੰਦੇ ਹਨ। ਕਈ ਡਾਕਟਰ ਆਪਣੇ ਹਸਪਤਾਲ ਖੋਲ੍ਹ ਲੈਂਦੇ ਹਨ ਅਤੇ ਕਈ ਹੋਰ ਕਾਰਨਾਂ ਕਰਕੇ ਨੌਕਰੀਆਂ ਛੱਡ ਦਿੰਦੇ ਹਨ ਪਰ ਬਠਿੰਡਾ ਦੇ ਏਮਜ਼ ਵਿਚ ਸਸਤੀਆਂ ਤੇ ਬਿਹਤਰ ਸਿਹਤ ਸਹੂਲਤਾਂ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ ਅਤੇ ਇੱਥੇ ਡਾਕਟਰਾਂ ਦਾ ਕੋਈ ਕਮੀ ਨਹੀ ਹੈ।



