
ਮੋਗਾ , 14 ਮਈ-ਥਾਣਾ ਸਿਟੀ ਸਾਊਥ ਪੁਲਿਸ ਦੇ ਅਧੀਨ ਪੈਂਦੇ ਇਲਾਕੇ ਪ੍ਰੀਤ ਨਗਰ ਵਿਖੇ ਦਿਮਾਗੀ ਪ੍ਰੇਸ਼ਾਨੀ ਦੇ ਚਲਦਿਆਂ ਇਕ ਨੌਜਵਾਨ ਨੇ ਕਿਸੇ ਜ਼ਹਿਰੀਲੀ ਵਸਤੂ ਦਾ ਸੇਵਨ ਕਰਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਨੌਜਵਾਨ ਤਿੰਨ ਭੈਣਾਂ ਦਾ ਇਕਲੋਤਾ ਭਰਾ ਸੀ, ਮ੍ਰਿਤਕ ਨੌਜਵਾਨ ਦੇ ਪਿਤਾ ਦੀ ਕਰੀਬ 3 ਸਾਲ ਪਹਿਲਾਂ ਮੌਤ ਹੋ ਗਈ ਸੀ ਤੇ 25 ਦਿਨ ਪਹਿਲਾਂ ਉਸ ਦੀ ਮਾਤਾ ਦੀ ਵੀ ਇਕ ਸੜਕ ਹਾਦਸੇ ’ਚ ਮੌਤ ਹੋ ਗਈ ਸੀ। ਮੋਗਾ ਦੇ ਸਿਵਲ ਹਸਪਤਾਲ ’ਚ ਮ੍ਰਿਤਕ ਨੌਜਵਾਨ ਲਖਵਿੰਦਰ ਸਿੰਘ ਪੁੱਤਰ ਰਾਮ ਪ੍ਰਤਾਪ ਵਾਸੀ ਪ੍ਰੀਤ ਨਗਰ ਮੋਗਾ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਲਖਵਿੰਦਰ ਸਿੰਘ ਜੋ ਕਿ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਤੇ ਤਿੰਨ ਸਾਲ ਪਹਿਲਾ ਉਸ ਦੇ ਪਿਤਾ ਰਾਮ ਪ੍ਰਤਾਪ ਦੀ ਮੌਤ ਹੋ ਗਈ ਸੀ ਤੇ 25 ਦਿਨ ਪਹਿਲਾ ਉਸ ਦੀ ਮਾਤਾ ਦੀ ਇਕ ਸੜਕ ਹਾਦਸੇ ’ਚ ਮੌਤ ਹੋ ਗਈ ਸੀ ਤੇ ਹੁਣ ਘਰ ’ਚ ਲਖਵਿੰਦਰ ਸਿੰਘ ਤੇ ਉਸ ਦੀ ਤਿੰਨ ਭੈਣਾਂ ਰਹਿ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਮਾਤਾ ਦੀ ਮੌਤ ਤੋ ਬਾਅਦ ਲਖਵਿੰਦਰ ਸਿੰਘ ਦਿਮਾਗੀ ਤੌਰ ‘ਤੇ ਪਰੇਸ਼ਾਨ ਰਹਿਣ ਲੱਗ ਪਿਆ ਸੀ ਤੇ ਉਸ ਨੇ ਸੋਮਵਾਰ ਦੀ ਰਾਤ ਕਿਸੇ ਜ਼ਹਿਰੀਲੀ ਵਸਤੂ ਦਾ ਸੇਵਨ ਕਰ ਲਿਆ ਅਤੇ ਉਸ ਦੀ ਹਾਲਤ ਖਰਾਬ ਹੋਣ ਤੇ ਉਸ ਨੂੰ ਇਲਾਜ ਲਈ ਇਕ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵੱਲੋ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲਿਸ ਨੇ ਮ੍ਰਿਤਕ ਲਖਵਿੰਦਰ ਸਿੰਘ ਦੀ ਭੈਣ ਅਮਨਦੀਪ ਕੌਰ ਦੇ ਬਿਆਨ ਤੇ ਕਾਰਵਾਈ ਕਰਕੇ ਲਾਸ਼ ਦਾ ਮੋਗਾ ਦੇ ਸਿਵਲ ਹਸਪਤਾਲ ’ਚ ਪੋਸਟਮਾਰਟਮ ਕਰਵਾਕੇ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ।



