Punjab

ਤਿੰਨ ਨਾਕਾਬਪੋਸ਼ਾਂ ਘਰ ’ਚ ਲੁੱਟ ਕਰਕੇ ਕੀਤਾ ਨੌਜਵਾਨ ਦਾ ਕਤਲ

ਲਹਿਰਾਗਾਗਾ, 3 ਜਨਵਰੀ : ਸ਼ੁੱਕਰਵਾਰ ਰਾਤ 10 ਵਜੇ ਦੇ ਕਰੀਬ ਸ਼ਹਿਰ ‘ਚ ਤਿੰਨ ਨਕਾਬਪੋਸ਼ਾਂ ਨੇ ਇਕ ਵੱਡੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਘਰ ‘ਚ ਦਾਖਲ ਹੋ ਕੇ ਔਰਤ ਨੂੰ ਬੰਨ੍ਹ ਕੇ ਲੁੱਟਮਾਰ ਕੀਤੀ ਤੇ ਔਰਤ ਦੇ ਪੁੱਤਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਥਾਣਾ ਲਹਿਰਾ ਵਿਖੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਤਿੰਨ ਨਕਾਬਪੋਸ਼ ਵਿਅਕਤੀ ਜਿਨ੍ਹਾਂ ਨੇ ਬੁੱਕਲਾਂ ਮਾਰੀਆਂ ਹੋਈਆਂ ਸਨ। ਰਾਤ 10 ਵਜੇ ਕ੍ਰਿਸ਼ਨ ਕੁਮਾਰ ਉਰਫ ਨੀਟਾ ਪੁੱਤਰ ਜਗਦੀਸ਼ ਰਾਏ ਵਾਰਡ-12 ਨੇੜੇ ਵਿਸ਼ਵਕਰਮਾ ਮੰਦਰ ਦੇ ਘਰ ਅੰਦਰ ਦਾਖਲ ਹੋਏ। ਜਿਨ੍ਹਾਂ ਨੇ ਆਉਂਦੇ ਸਾਰ ਹੀ ਮ੍ਰਿਤਕ ਦੀ ਮਾਤਾ ਸਵਿੱਤਰੀ ਦੇਵੀ ਦੇ ਹੱਥ-ਪੈਰ ਤੇ ਮੂੰਹ ਬੰਨ੍ਹ ਦਿੱਤਾ। ਇਸ ਵਾਰਦਾਤ ਸਬੰਧੀ ਸਵਿੱਤਰੀ ਦੇਵੀ ਨੇ ਦੱਸਿਆ ਕਿ ਰਾਤ 10 ਵਜੇ ਘਰ ਅੰਦਰ 3 ਨੌਜਵਾਨਾਂ ਆਏ, ਜਿਨ੍ਹਾਂ ਨੇ ਮੂੰਹ ਬੰਨ੍ਹੇ ਹੋਏ ਸਨ ਤੇ ਲੋਈਆਂ ਦੀ ਬੁੱਕਲ ਮਾਰੀ ਹੋਈ ਸੀ। ਉਨ੍ਹਾਂ ਦੱਸਿਆ ਕਿ ਲੁਟੇਰਿਆਂ ਨੇ ਪਹਿਲਾਂ ਮੇਰਾ ਮੂੰਹ ਬੰਨ੍ਹਿਆ, ਮੇਰੇ ਮੂੰਹ ਉੱਤੇ ਰਜ਼ਾਈ ਦੇ ਕੇ ਮੈਨੂੰ ਦੱਬ ਲਿਆ ਤੇ ਫਿਰ ਮੇਰੇ ਬੇਟੇ ਕ੍ਰਿਸ਼ਨ ਕੁਮਾਰ ਨੂੰ ਵੀ ਬੰਨ੍ਹ ਲਿਆ। ਉਸਨੇ ਦੱਸਿਆ ਕਿ ਮੈਂ ਮੌਕਾ ਤਾੜ ਕੇ ਆਪਣੇ ਹੱਥ-ਪੈਰ ਖੋਲ੍ਹ ਕੇ ਬਾਹਰ ਆ ਕੇ ਗੁਆਂਢੀਆਂ ਨੂੰ ਜਗਾਇਆ। ਜਦੋਂ ਗੁਆਂਢੀਆਂ ਨੇ ਆ ਕੇ ਦੇਖਿਆ ਤਾਂ ਕ੍ਰਿਸ਼ਨ ਕੁਮਾਰ ਉਰਫ ਨੀਟਾ ਦੀ ਮੌਤ ਹੋ ਚੁੱਕੀ ਸੀ। ਲੁਟੇਰੇ ਘਰ ਦੀਆਂ ਅਲਮਾਰੀਆਂ ਦੀ ਫਰੋਲਾ-ਫਰਾਲੀ ਕਰ ਕੇ ਵਾਰਦਾਤ ਨੂੰ ਅੰਜਾਮ ਦੇ ਕੇ ਭੱਜ ਚੁੱਕੇ ਸਨ। ਘਰ ਵਿਚ ਹੋਏ ਨੁਕਸਾਨ ਸਬੰਧੀ ਜਦੋਂ ਮ੍ਰਿਤਕ ਦੀ ਮਾਤਾ ਤੋਂ ਪੁੱਛਿਆ ਤਾਂ ਉਸਨੇ ਅਣਜਾਣਤਾ ਪ੍ਰਗਟਾਉਂਦਿਆਂ ਕਿਹਾ ਕਿ ਕਬੀਲਦਾਰੀ ਦਾ ਕ੍ਰਿਸ਼ਨ ਕੁਮਾਰ ਨੂੰ ਹੀ ਪਤਾ ਸੀ। ਉਸਨੂੰ ਘਰ ਵਿਚ ਹੋਏ ਨੁਕਸਾਨ ਬਾਰੇ ਕੁਝ ਵੀ ਪਤਾ ਨਹੀਂ ਹੈ, ਪ੍ਰੰਤੂ ਉਸਦੇ ਪੁੱਤਰ ਦੇ ਹੱਥ ਵਿਚ ਛਾਪਾਂ ਸਨ ਜੋ ਇਸ ਸਮੇਂ ਨਹੀਂ ਹਨ। ਇਸ ਘਟਨਾ ਉਪਰੰਤ ਥਾਣਾ ਲਹਿਰਾ ਦੀ ਪੁਲਿਸ ਘਟਨਾ ਸਥਾਨ ’ਤੇ ਪੁੱਜੀ ਤੇ ਮੌਕੇ ਦਾ ਜਾਇਜ਼ਾ ਲਿਆ। ਡੀਐੱਸਪੀ ਲਹਿਰਾ ਰਣਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਸੀਸੀਟੀਵੀ ਖੰਗਾਲ ਰਹੀ ਹੈ। ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਮੁਲਜ਼ਮ ਕਾਬੂ ਕੀਤੇ ਜਾਣਗੇ। ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਕੁਝ ਦਿਨ ਪਹਿਲਾਂ ਸਥਾਨਕ ਸ਼ਹਿਰ ਦੇ ਨਾਮੀ ਹਸਪਤਾਲ ਵਿਖੇ ਵੀ ਕੁਝ ਨਕਾਬਪੋਸ਼ ਨੌਜਵਾਨਾਂ ਨੇ ਭੰਨਤੋੜ ਕੀਤੀ ਸੀ।

Related Articles

Leave a Reply

Your email address will not be published. Required fields are marked *

Back to top button