Punjab

ਤਲਵੰਡੀ ਧਾਮ ਦੇ ਬਾਲ ਘਰ ਦੇ ਬੱਚਿਆਂ ਨੂੰ ਗੋਦ ਦੇਣ ਬਦਲੇ ਵਸੂਲੇ 20-20 ਲੱਖ, ਬਾਲ ਘਰ ਦੀ ਇਕ ਹੋਰ ਲੜਕੀ ਨੇ ਸੁਣਾਈ ਦਾਸਤਾਨ

ਜਗਰਾਓਂ , 4 ਜੁਲਾਈ : ਸਵਾਮੀ ਸ਼ੰਕਰਾਨੰਦ ਦੀ ਅਸ਼ਲੀਲ ਵੀਡੀਓ ਵਾਇਰਲ ਮਾਮਲੇ ’ਚ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਤਲਵੰਡੀ ਧਾਮ ਦੇ ਬਾਲ ਘਰ ਦੇ ਬੱਚਿਆਂ ਨੂੰ ਗੋਦ ਦੇਣ ਬਦਲੇ 20-20 ਲੱਖ ਰੁਪਏ ਵਸੂਲਣ ਦੀ ਆਡੀਓ ਅਤੇ ਬਾਲ ਘਰ ਵਿਚ ਬੱਚਿਆਂ ’ਤੇ ਹੁੰਦੇ ਤਸ਼ੱਦਦ ਤੋਂ ਪਰੇਸ਼ਾਨ ਸਾਲਾਂ ਪਹਿਲਾਂ ਗੰਗੋਤਰੀ ਨਹਿਰ ਵਿਚ ਇੱਕ ਬੱਚੀ ਵੱਲੋਂ ਛਾਲ ਮਾਰਨ ਦੀ ਕੋਸ਼ਿਸ਼ ਤੋਂ ਬਾਅਦ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਨੂੰ ਵੀ ਪਿੰਡ ਤਲਵੰਡੀ ਖੁਰਦ ਦੇ ਸਾਬਕਾ ਸਰਪੰਚ ਨੇ ਅੱਜ ਜੱਗ ਜ਼ਾਹਰ ਕੀਤਾ। ਉਨ੍ਹਾਂ ਕਿਹਾ ਕਿ ਅਗਲੇ ਦੋ ਦਿਨਾਂ ਵਿਚ ਸਵਾਮੀ ਸ਼ੰਕਰਾਨੰਦ ਦੀ ਗ੍ਰਿਫ਼ਤਾਰੀ ਨਾ ਹੋਈ ਤਾਂ ਵਿਰੋਧ ਵਿਚ ਪਿੰਡਾਂ ਦੇ ਪਿੰਡ ਸੜਕਾਂ ’ਤੇ ਉੱਤਰ ਆਉਣਗੇ। ਤਲਵੰਡੀ ਖੁਰਦ ਦੇ ਸਾਬਕਾ ਸਰਪੰਚ ਹਰਬੰਸ ਸਿੰਘ ਨੇ ਇੱਕ 35 ਮਿੰਟ ਦੀ ਆਡੀਓ ਰਿਕਾਰਡਿੰਗ ਸੋਸ਼ਲ ਮੀਡੀਆ ’ਤੇ ਸਾਂਝੀ ਕਰਦਿਆਂ ਖੁਲਾਸਾ ਕੀਤਾ ਕਿ ਬਾਲ ਘਰ ਦੇ ਹੀ ਸੇਵਾਦਾਰਾਂ ਦੀ ਇਹ ਆਡੀਓ ਬਾਲ ਘਰ ਦੇ ਬੱਚਿਆਂ ਨੂੰ ਗੋਦ ਦੇਣ ਬਦਲੇ 20-20 ਲੱਖ ਰੁਪਏ ਵਸੂਲਣ ਦਾ ਭਾਂਡਾ ਭੰਨਿਆ। ਉਨ੍ਹਾਂ ਇਸ ਦੇ ਨਾਲ ਹੀ ਗੰਗੋਤਰੀ ਦੇ ਪੁਲਿਸ ਸਟੇਸ਼ਨ ਦੇ ਰੋਜ਼ਨਾਮਚੇ ਦੀ ਰਿਪੋਰਟ ਨੂੰ ਸਾਂਝਾ ਕਰਦਿਆਂ ਦੱਸਿਆ ਕਿ 6 ਜੂਨ, 2016 ਨੂੰ ਤਲਵੰਡੀ ਧਾਮ ਤੋਂ ਬਾਲ ਘਰ ਦੀ ਜਸਵੀਰ ਕੌਰ ਨਾਲ ਇੱਕ ਜੱਥਾ ਗੰਗੋਤਰੀ ਧਾਮ ਗਿਆ ਸੀ, ਜਿੱਥੇ ਬੱਚੀ ਨੇ ਜੱਥੇ ਵਿਚੋਂ ਅਲੱਗ ਹੁੰਦਿਆਂ ਗੰਗੋਤਰੀ ਨਹਿਰ ਵਿਚ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਉਥੋਂ ਦੇ ਅਮਿਤ ਕੁਮਾਰ ਨੇ ਦੇਖ ਲਿਆ ਅਤੇ ਬੱਚੀ ਨੂੰ ਬਚਾਉਂਦਿਆਂ ਉਸ ਨੂੰ ਉਥੋਂ ਦੀ ਪੁਲਿਸ ਕੋਲ ਪਹੁੰਚਾਇਆ। ਇਸ ਮੌਕੇ ਇਸ ਬੱਚੀ ਨੇ ਬਾਲ ਘਰ ਵਿਚ ਆਪਣੇ ’ਤੇ ਹੋਏ ਤਸ਼ੱਦਦ ਦੀ ਦਾਸਤਾਨ ਸੁਣਾਈ, ਜੋ ਸਾਰੀ ਆਨ ਰਿਕਾਰਡ ਹੈ। ਉਨ੍ਹਾਂ ਦੱਸਿਆ ਕਿ ਇਸ ’ਤੇ ਬਾਲ ਘਰ ਦੀ ਇੰਚਾਰਜ ਜਸਵੀਰ ਕੌਰ ਨੇ ਪੁਲਿਸ ਨੂੰ ਇਹ ਬੱਚੀ ਉਸ ਦੀ ਹੋਣ ਦਾ ਕਹਿ ਕੇ ਘਰ ਵਿਚ ਕਲੇਸ਼ ਰਹਿਣ ਕਾਰਨ ਬੱਚੀ ਵੱਲੋਂ ਛਾਲ ਮਾਰਨ ਦੀ ਕੋਸ਼ਿਸ਼ ਕਰਨ ਦਾ ਪੁਲਿਸ ਤੋਂ ਮਾਮਲਾ ਰਫ਼ਾ-ਦਫ਼ਾ ਕਰਵਾ ਲਿਆ। ਉਨ੍ਹਾਂ ਕਿਹਾ ਕਿ ਹੌਲੀ-ਹੌਲੀ ਤਲਵੰਡੀ ਧਾਮ ’ਚ ਮਹਿਲਾ ਸ਼ਰਧਾਲੂਆਂ ਦਾ ਸਰੀਰਕ ਸ਼ੋਸ਼ਣ ਅਤੇ ਬਾਲ ਘਰ ’ਚ ਬੱਚਿਆਂ ’ਤੇ ਤਸ਼ੱਦਦ ਦੀਆਂ ਪਰਤਾਂ ਖੁੱਲ੍ਹ ਰਹੀਆਂ ਹਨ। ਉਨ੍ਹਾਂ ਕਿਹਾ ਕਿ ਚਾਹੇ ਬੇਸ਼ੁਮਾਰ ਦੌਲਤ ਦੇ ਮਾਲਕ ਅਤੇ ਉਚ ਪਾਵਰ ਰੱਖਦੇ ਸਵਾਮੀ ਸ਼ੰਕਰਾਨੰਦ ਖ਼ਿਲਾਫ਼ ਲੜਾਈ ਲੰਮੀ ਲੜਨੀ ਪਵੇਗੀ ਪਰ ਹੁਣ ਤਲਵੰਡੀ ਧਾਮ ਵਿਚ ਕੁਝ ਵੀ ਗਲਤ ਨਹੀਂ ਹੋਣ ਦਿੱਤਾ ਜਾਵੇਗਾ।

Related Articles

Leave a Reply

Your email address will not be published. Required fields are marked *

Back to top button