
ਤਰਨਤਾਰਨ, 23 ਅਗਸਤ : ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ’ਚ ਜਾਰੀ ਕੀਤੀਆਂ ਗ੍ਰਾਂਟਾਂ ’ਚ ਕਥਿਤ ਤੌਰ ’ਤੇ ਕਰੋੜਾਂ ਰੁਪਏ ਦੇ ਘਪਲੇ ਸਬੰਧੀ ਇਕ ਆਰਟੀਆਈ ਕਾਰਕੁੰਨ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਆਰੰਭੀ ਪੜਤਾਲ ’ਚ ਰਿਕਾਰਡ ਪੇਸ਼ ਨਾ ਕਰਨ ਵਾਲੇ ਅੱਠ ਪੰਚਾਇਤ ਸਕੱਤਰਾਂ ਨੂੰ ਵਿਭਾਗ ਦੇ ਡਾਇਰੈਕਟਰ ਨੇ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਹ ਕਾਰਵਾਈ ਵਿਭਾਗ ਦੇ ਡਾਇਰੈਕਟਰ ਨੇ ਡੀਸੀ ਤਰਨਤਾਰਨ ਦੇ ਦਫ਼ਤਰ ਵੱਲੋਂ ਜਾਰੀ ਇਕ ਪੱਤਰ ’ਤੇ ਐਕਸ਼ਨ ਲੈਂਦਿਆਂ ਕੀਤੀ ਹੈ। ਵਿਭਾਗ ਦੇ ਡਾਇਰੈਕਟਰ ਉਮਾ ਸ਼ੰਕਰ ਗੁਪਤਾ ਦੇ ਦਫਤਰ ਵੱਲੋਂ ਜਾਰੀ ਕੀਤੇ ਹੁਕਮਾਂ ਮੁਤਾਬਕ ਬਲਾਕ ਤਰਨਤਾਰਨ, ਖਡੂਰ ਸਾਹਿਬ, ਚੋਹਲਾ ਸਾਹਿਬ ਤੇ ਨੌਸ਼ਹਿਰਾ ਪੰਨੂਆਂ ਦੇ ਅੱਠ ਸਕੱਤਰਾਂ ਨੂੰ ਮੁਅੱਤਲ ਕਰਕੇ ਉਨ੍ਹਾਂ ਦਾ ਹੈੱਡ ਕੁਆਰਟਰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਦਫਤਰ ਨੂੰ ਬਣਾਇਆ ਗਿਆ ਹੈ। ਮੁਅਤਲ ਕੀਤੇ ਗਏ ਪੰਚਾਇਤ ਸਕੱਤਰਾਂ ’ਚ ਗੁਰਜਿੰਦਰ ਸਿੰਘ ਪੰਚਾਇਤ ਸੰਮਤੀ ਚੋਹਲਾ ਸਾਹਿਬ, ਹਰਦਿਆਲ ਸਿੰਘ ਹੁਣ ਵਲਟੋਹਾ, ਸਹਿਨਸ਼ਾਹ ਸਿੰਘ ਹੁਣ ਤਰਨਤਾਰਨ, ਜਸਪਾਲ ਸਿੰਘ ਪੰਚਾਇਤ ਸੰਮਤੀ ਚੋਹਲਾ ਸਾਹਿਬ, ਬਲਰਾਜ ਸਿੰਘ ਪੰਚਾਇਤ ਸੰਮਤੀ ਖਡੂਰ ਸਾਹਿਬ, ਅਮਰਜੀਤ ਸਿੰਘ ਹੁਣ ਜੰਡਿਆਲਾ ਗੁਰੂ, ਜਸਵਿੰਦਰ ਸਿੰਘ ਤੇ ਸੁਸ਼ੀਲ ਕੁਮਾਰ ਪੰਚਾਇਤ ਸਮੰਤੀ ਤਰਨਤਾਰਨ ਸ਼ਾਮਲ ਹਨ। ਦੱਸ ਦਈਏ ਕਿ ਉਕਤ ਮਾਮਲਾ ਹਲਕੇ ਦੇ ਪਿੰਡ ਲਾਲਪੁਰ ਵਾਸੀ ਜਸਕੀਰਤ ਸਿੰਘ ਜੋ ਸੂਚਨਾ ਅਧਿਕਾਰ ਐਕਟ ਦੇ ਕਾਰਕੁਨ ਵੀ ਹਨ, ਵੱਲੋਂ ਕੀਤੀ ਗਈ ਸ਼ਿਕਾਇਤ ’ਤੇ ਸਾਹਮਣੇ ਆਇਆ ਸੀ। ਉਨ੍ਹਾਂ ਦੋਸ਼ ਲਗਾਇਆ ਸੀ ਕਿ ਕੇਂਦਰ ਸਰਕਾਰ ਵੱਲੋਂ ਪਿੰਡਾਂ ਨੂੰ ਜਾਰੀ ਕੀਤੀਆਂ ਗਰਾਂਟਾਂ ਵਿੱਚੋਂ 18 ਕਰੋੜ ਰੁਪਏ ਦਾ ਕਥਿਤ ਤੌਰ ’ਤੇ ਘਪਲਾ ਕੀਤਾ ਗਿਆ ਹੈ। ਉਕਤ ਮਾਮਲੇ ’ਚ ਹਾਕਮ ਧਿਰ ਨਾਲ ਸਬੰਧਤ ਦੋ ਆਹਲਾ ਆਗੂਆਂ ਦਾ ਵੀ ਜਿਕਰ ਕੀਤਾ ਗਿਆ ਸੀ। ਜਦੋਂਕਿ ਇਸ ਕਥਿਤ ਘਪਲੇ ਦੀ ਪੜਤਾਲ ਕਰਨ ਲਈ ਡਿਪਟੀ ਕਮਿਸ਼ਨਰ ਵੱਲੋਂ ਵੱਖ ਵੱਖ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ। ਪਰ ਪੰਚਾਇਤ ਸਕੱਤਰਾਂ ਵੱਲੋਂ ਰਿਕਾਰਡ ਪੇਸ਼ ਨਾ ਕਰਨ ਕਰਕੇ ਪੜਤਾਲ ਸਿਰੇ ਨਾ ਚੜ੍ਹੀ। ਹੁਣ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਉਮਾ ਸ਼ੰਕਰ ਗੁਪਤਾ ਵੱਲੋਂ ਅੱਠ ਪੰਚਾਇਤ ਸਕੱਤਰਾਂ ਨੂੰ ਮੁਅਤਲ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।



