Punjab

ਤਰਨਤਾਰਨ ’ਚ ਟੈਂਪੂ ਤੇ ਸਕਾਰਪੀਓ ਵਿਚਾਲੇ ਭਿਆਨਕ ਟੱਕਰ, ਇੱਕ ਮਹਿਲਾ ਦੀ ਮੌਤ

ਤਰਨਤਾਰਨ, 17 ਫਰਵਰੀ : ਪਿੰਡ ਡੇਰਾ ਸਾਹਿਬ ਦੇ ਨੇੜੇ ਸੋਮਵਾਰ ਦੇਰ ਸ਼ਾਮ ਹੋਏ ਸੜਕ ਹਾਦਸੇ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ ਅਤੇ 18 ਲੋਕ ਜ਼ਖਮੀ ਹੋ ਗਏ। ਟੈਂਪੂ ਸਵਾਰ 20 ਲੋਕ ਫਤਿਹਾਬਾਦ ਤੋਂ ਮਜ਼ਦੂਰੀ ਕਰਨ ਤੋਂ ਬਾਅਦ ਪਿੰਡ ਪਰਤ ਰਹੇ ਸਨ, ਜਿਵੇਂ ਹੀ ਉਹ ਪੁਲਿਸ ਚੌਕੀ ਦੇ ਨੇੜੇ ਪਹੁੰਚੇ ਤਾਂ ਪਿੱਛੇ ਤੋਂ ਆ ਰਹੀ ਕਾਲੇ ਰੰਗ ਦੀ ਸਕਾਰਪੀਓ ਗੱਡੀ ਨੇ ਟੈਂਪੂ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਮੌਕੇ ‘ਤੇ ਸੜਕ ਸੁਰੱਖਿਆ ਫੋਰਸ (SSF) ਦੀ ਟੀਮ ਪਹੁੰਚੀ, ਜਿਸ ਤੋਂ ਬਾਅਦ ਐਂਬੂਲੈਂਸ ਦੀ ਮਦਦ ਨਾਲ ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਸਤਨਾਮ ਸਿੰਘ ਸੋਨੂੰ ਹਲਵਾਈ ਨੇ ਦੱਸਿਆ ਕਿ ਉਹ ਪਿੰਡ ਨੱਥੂਪੁਰ ਦਾ ਰਹਿਣ ਵਾਲਾ ਹੈ ਅਤੇ ਪਿੰਡ ਨਾਲ ਸਬੰਧਤ ਕਈ ਪਰਿਵਾਰ ਖੇਤਾਂ ਵਿੱਚ ਸਬਜ਼ੀ ਤੋੜਨ ਦਾ ਕੰਮ ਕਰਦੇ ਹਨ। ਉਸ ਦੀ ਮਾਂ ਮਨਜੀਤ ਕੌਰ ਵੀ ਸਬਜ਼ੀਆਂ ਤੋੜਨ ਲਈ ਕਸਬਾ ਫਤਿਹਾਬਾਦ ਗਈ ਸੀ। ਦੇਰ ਸ਼ਾਮ ਟੈਂਪੂ ‘ਤੇ ਸਵਾਰ ਹੋ ਕੇ ਕਰੀਬ 20 ਲੋਕ ਪਿੰਡ ਪਰਤ ਰਹੇ ਸਨ। ਪੁਲਿਸ ਚੌਕੀ ਡੇਰਾ ਸਾਹਿਬ ਦੇ ਨੇੜੇ ਪਿੱਛੇ ਤੋਂ ਸਕਾਰਪੀਓ ਨੇ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਟੈਂਪੂ ਬੁਰੀ ਤਰ੍ਹਾਂ ਟੁੱਟ ਗਿਆ, ਜਦਕਿ ਸਕਾਰਪੀਓ ਗੱਡੀ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ। ਹਾਦਸੇ ਵਿੱਚ ਮਨਜੀਤ ਕੌਰ ਦੇ ਸਿਰ ਵਿੱਚ ਸੱਟ ਲੱਗਣ ਕਾਰਨ ਮੌਤ ਹੋ ਗਈ ਅਤੇ 18 ਲੋਕ ਜ਼ਖ਼ਮੀ ਹੋ ਗਏ। ਸਰਹਾਲੀ ਦੇ ਹਸਪਤਾਲ ਵਿੱਚ ਦਾਖਲ ਅੱਠ ਲੋਕਾਂ ਨੂੰ ਮੁਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਥਾਣਾ ਗੋਇੰਦਵਾਲ ਸਾਹਿਬ ਦੇ ਮੁਖੀ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਸਕਾਰਪੀਓ ਚਾਲਕ ਮੌਕੇ ਤੋਂ ਫ਼ਰਾਰ ਹੈ ਅਤੇ ਉਸ ਦੀ ਭਾਲ ਜਾਰੀ ਹੈ।

Related Articles

Leave a Reply

Your email address will not be published. Required fields are marked *

Back to top button