Punjab

ਤਕਰਾਰ ਕਰਨ ਵਾਲਿਆਂ ਨੂੰ ਦੁਕਾਨ ’ਚੋਂ ਜਾਣ ਲਈ ਕਿਹਾ ਤਾਂ ਮਾਰੀ ਗੋਲ਼ੀ ਤੇ ਫਿਰ…

ਤਰਨਤਾਰਨ, 11 ਮਈ-ਤਰਨਤਾਰਨ ਜ਼ਿਲ੍ਹੇ ਦੇ ਪਿੰਡ ਕੰਗ ਵਿਖੇ ਦੁਕਾਨ ਵਿਚ ਲੜ ਰਹੇ ਲੋਕਾਂ ਨੂੰ ਬਾਹਰ ਜਾਣ ਲਈ ਕਿਹਾ ਤਾਂ ਇਕ ਜਣੇ ਨੇ ਕਥਿਤ ਤੌਰ ’ਤੇ ਦੁਕਾਨਦਾਰ ਦੇ 20 ਸਾਲਾ ਲੜਕੇ ਦੀ ਲੱਤ ਵਿਚ ਗੋਲ਼ੀ ਮਾਰ ਦਿੱਤੀ, ਜਿਸ ਨੂੰ ਤਰਨਤਾਰਨ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਦੂਜੇ ਪਾਸੇ, ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਉਕਤ ਘਟਨਾ ਸਬੰਧੀ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਗੁਰਦੇਵ ਸਿੰਘ ਪੁੱਤਰ ਖੇਮ ਸਿੰਘ ਵਾਸੀ ਕੰਗ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਰਾਤ ਕਰੀਬ 8 ਵਜੇ ਉਹ ਤੇ ਉਸਦਾ 20 ਸਾਲਾ ਲੜਕਾ ਮਹਿਕਪ੍ਰੀਤ ਸਿੰਘ ਦੁਕਾਨ ’ਤੇ ਸੀ। ਉਨ੍ਹਾਂ ਦੀ ਦੁਕਾਨ ’ਤੇ ਹੀ ਦਲਜੀਤ ਸਿੰਘ ਅਤੇ ਸ਼ਰਨਜੀਤ ਸਿੰਘ ਪੁੱਤਰ ਜੋਗਾ ਸਿੰਘ ਜੂਸ ਪੀ ਰਹੇ ਸਨ। ਇੰਨੇ ਵਿਚ ਗੁਰਭੇਜ ਸਿੰਘ ਪੁੱਤਰ ਜੋਗਾ ਸਿੰਘ ਵਾਸੀ ਕੰਗ ਉਥੇ ਆਇਆ ਅਤੇ ਦਲਜੀਤ ਸਿੰਘ ਤੇ ਸ਼ਰਨਜੀਤ ਸਿੰਘ ਨਾਲ ਉਸਦੀ ਤਕਰਾਰ ਹੋ ਗਈ। ਉਸਦੇ ਲੜਕੇ ਨੇ ਉਨ੍ਹਾਂ ਨੂੰ ਦੁਕਾਨ ਤੋਂ ਬਾਹਰ ਜਾਣ ਲਈ ਕਿਹਾ ਤਾਂ ਗੁਰਭੇਜ ਸਿੰਘ ਨੇ ਪਿਸਟਲ ਨਾਲ ਉਸ ਉੱਪਰ ਗੋਲੀ ਚਲਾ ਦਿੱਤੀ, ਜੋ ਉਸਦੀ ਲੱਤ ’ਤੇ ਲੱਗੀ। ਉਨ੍ਹਾਂ ਮਹਿਕਪ੍ਰੀਤ ਸਿੰਘ ਨੂੰ ਤਰਨਤਾਰਨ ਦੇ ਗੁਰੂ ਨਾਨਕ ਦੇਵ ਸੁਪਰ ਸਪੈਸ਼ਿਲਟੀ ਹਸਪਤਾਲ ਵਿਚ ਦਾਖਲ ਕਰਵਾਇਆ। ਘਟਨਾ ਸਥਾਨ ’ਤੇ ਪੁੱਜੇ ਏਐੱਸਆਈ ਜਸਬੀਰ ਸਿੰਘ ਨੇ ਦੱਸਿਆ ਕਿ ਗੁਰਭੇਜ ਸਿੰਘ ਵਿਰੁੱਧ ਜਾਨਲੇਵਾ ਹਮਲਾ ਕਰਨ ਅਤੇ ਅਸਲਵਾ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਜਿਸਦੀ ਗ੍ਰਿਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button