
ਤਰਨਤਾਰਨ, 16 ਜੂਨ : ਢਾਈ ਮਹੀਨੇ ਪਹਿਲਾਂ ਜ਼ਹਿਰੀਲਾ ਪਦਾਰਥ ਨਿਗਲਣ ਕਾਰਨ ਔਰਤ ਦੀ ਮੌਤ ਦੇ ਮਾਮਲੇ ਵਿਚ ਉਸ ਵੇਲੇ ਨਵਾਂ ਮੋੜ ਆ ਗਿਆ, ਜਦੋਂ ਉਸਦੇ ਪਤੀ ਨੂੰ ਅਲਮਾਰੀ ਦੀ ਸਫਾਈ ਦੌਰਾਨ ਔਰਤ ਵੱਲੋਂ ਰੱਖਿਆ ਖੁਦਕੁਸ਼ੀ ਨੋਟ ਮਿਲ ਗਿਆ। ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਉਕਤ ਨੋਟ ਨੂੰ ਕਬਜੇ ਵਿਚ ਲੈ ਕੇ ਮਹਿਲਾ ਦੇ ਪਤੀ ਵੱਲੋਂ ਦਿੱਤੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਇਕ ਜਣੇ ਖਿਲਾਫ ਖੁਦਕੁਸ਼ੀ ਲਈ ਮਜ਼ਬੂਰ ਕਰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਕੋਮਲ ਪੁੱਤਰ ਸੁਖਚੈਨ ਸਿੰਘ ਵਾਸੀ ਪਿੰਡ ਮੁਗਲਚੱਕ ਪਨੂੰਆਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦੀ ਪਤਨੀ ਕੁਲਜੀਤ ਕੌਰ ਪੁੱਤਰੀ ਨਿਰਮਲ ਸਿੰਘ ਵਾਸੀ ਦੋਬੁਰਜੀ ਨੇ 1 ਮਾਰਚ ਨੂੰ ਕੋਈ ਜ਼ਹਿਰੀਲੀ ਵਸਤੂ ਨਿਗਲ ਲਈ ਸੀ ਅਤੇ 2 ਮਾਰਚ ਨੂੰ ਪੁਲਿਸ ਨੇ ਉਸਦੀ ਸੱਸ ਜਸਬੀਰ ਕੌਰ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰ ਦਿੱਤੀ। ਪਤਨੀ ਦੀ ਮੌਤ ਤੋਂ ਬਾਅਦ ਉਹ ਸਦਮੇ ਵਿਚ ਆ ਗਿਆ ਅਤੇ ਘਰ ਛੱਡ ਕੇ ਗੁਜਰਾਤ ਆਪਣੇ ਕੰਮ ’ਤੇ ਚਲਾ ਗਿਆ। ਹੁਣ ਉਹ ਵਾਪਸ ਆਇਆ ਅਤੇ ਘਰ ਦੀ ਸਫਾਈ ਦੌਰਾਨ ਅਲਮਾਰੀ ਵਿਚ ਰੱਖੇ ਕੱਪੜਿਆਂ ’ਚੋਂ ਉਸ ਨੂੰ ਕੁਲਜੀਤ ਕੌਰ ਵੱਲੋਂ ਲਿਖਿਆ ਖੁਦਕੁਸ਼ੀ ਨੋਟ ਮਿਲਿਆ। ਜਿਸ ਵਿਚ ਉਸ ਨੇ ਆਪਣੀ ਮੌਤ ਲੋਈ ਕਿਸੇ ਗਗਨ ਨਾਂ ਦੇ ਵਿਅਕਤੀ ਨੂੰ ਜਿੰਮੇਵਾਰ ਦੱਸਿਆ ਹੋਇਆ ਸੀ। ਉਸਨੇ ਗਗਨ ਦੀ ਭਾਲ ਕੀਤੀ ਤਾਂ ਪਤਾ ਲੱਗਾ ਕਿ ਉਸਦਾ ਪੂਰਾ ਨਾਂ ਸੁਰਜੀਤ ਸਿੰਘ ਗਗਨ ਪੁੱਤਰ ਗੁਰਮੀਤ ਸਿੰਘ ਵਾਸੀ ਮੁਗਲਚੱਕ ਪਨੂੰਆਂ ਹੈ, ਜੋ ਹੁਣ ਆਪਣੇ ਨਾਨਕੇ ਪਿੰਡ ਦੋਬੁਰਜੀ ਰਹਿੰਦਾ ਹੈ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਕੋਮਲ ਦੇ ਬਿਆਨਾਂ ’ਤੇ ਸੁਰਜੀਤ ਸਿੰਘ ਗਗਨ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ ਅਤੇ ਅਗਲੀ ਜਾਂਚ ਜਾਰੀ ਹੀ।



