
ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 21 ਸਤੰਬਰ : ਪੰਜਾਬ ’ਚ ਡ੍ਰੋਨ ਰਾਹੀਂ ਨਸ਼ੇ ਤੇ ਹਥਿਆਰਾਂ ਦੀ ਤਸਕਰੀ ਦਾ ਸਿਲਸਿਲਾ ਲਗਾਤਾਰ ਤੇਜ਼ ਹੋ ਰਿਹਾ ਹੈ। ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਦੇ ਅੰਕੜਿਆਂ ਮੁਤਾਬਕ ਸਿੰਥੈਟਿਕ ਡਰੱਗਜ਼ ਦਾ ਖ਼ਤਰਾ ਲਗਾਤਾਰ ਵੱਧ ਰਿਹਾ ਹੈ। ਪੰਜਾਬ ਹੀ ਨਹੀਂ ਬਲਕਿ ਪੂਰੇ ਦੇਸ਼ ’ਚ 2019 ਤੋਂ 2024 ਤੱਕ ਸਿੰਥੈਟਿਕ ਡਰੱਗਜ਼ ਦੀ ਜ਼ਬਤੀ 6 ਗੁਣਾ ਵਧ ਗਈ ਹੈ। 2024 ’ਚ 11,994 ਕਿੱਲੋ ਸਿੰਥੈਟਿਕ ਡਰੱਗਜ਼ ਜ਼ਬਤ ਕੀਤੇ ਗਏ। ਇਨ੍ਹਾਂ ’ਚ ਮੈਫੇਡਰੋਨ, ਐੱਮਡੀਐੱਮਏ, ਐੱਮਫੇਟਾਮਾਈਨ ਵਰਗੇ ਡਰੱਗਜ਼ ਸ਼ਾਮਲ ਹਨ, ਜਿਨ੍ਹਾਂ ਦੀ ਸਭ ਤੋਂ ਵੱਧ ਵਰਤੋਂ ਨੌਜਵਾਨਾਂ ’ਚ ਹੁੰਦੀ ਹੈ। ਡ੍ਰੋਨ ਰਸਤਾ ਹੁਣ ਤਸਕਰਾਂ ਦਾ ਨਵਾਂ ਰੂਟ ਬਣ ਗਿਆ ਹੈ। ਡ੍ਰੋਨ ਤਸਕਰੀ ਦੇ ਮਾਮਲੇ 2021 ’ਚ ਸਿਰਫ 3 ਸਨ ਜੋ 2024 ਤੱਕ ਵਧ ਕੇ 179 ਹੋ ਗਏ। ਪੰਜਾਬ ਦੇ ਸਰਹੱਦੀ ਖੇਤਰ ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਗੁਰਦਾਸਪੁਰ ਸਭ ਤੋਂ ਪ੍ਰਭਾਵਿਤ ਜ਼ਿਲ੍ਹੇ ਹਨ, ਜਿੱਥੇ ਗ੍ਰਿਫ਼ਤਾਰੀ ਤੇ ਬਰਾਮਦਗੀ ਦੋਵੇਂ ਵੱਧ ਹੋਈਆਂ ਹਨ। ਪੁਲਿਸ ਅਧਿਕਾਰੀਆਂ ਮੁਤਾਬਕ ਨਸ਼ਾ ਵੱਧਣ ਦੇ ਕਈ ਕਾਰਨ ਹਨ। ਬੇਰੋਜ਼ਗਾਰੀ ਤੇ ਖੇਤੀ ‘ਤੇ ਆਰਥਿਕ ਦਬਾਅ ਨੌਜਵਾਨਾਂ ਨੂੰ ਨਸ਼ੇ ਵੱਲ ਧੱਕ ਰਹੇ ਹਨ। ਗੁਆਂਢੀ ਦੇਸ਼ ਤੋਂ ਡਰੱਗਜ਼ ਦੀ ਤਸਕਰੀ ਆਸਾਨੀ ਨਾਲ ਹੋਣ ਕਾਰਨ ਇਸ ਦੀ ਉਪਲਬਧਤਾ ਵੱਧ ਜਾਂਦੀ ਹੈ। ਨੌਜਵਾਨਾਂ ’ਚ ਖੇਡਾਂ ਤੇ ਸਕਾਰਾਤਮਕ ਗਤੀਵਿਧੀਆਂ ਦੀ ਕਮੀ ਵੀ ਉਨ੍ਹਾਂ ਨੂੰ ਗ਼ਲਤ ਰਸਤੇ ‘ਤੇ ਲੈ ਜਾ ਰਹੀ ਹੈ। ਸਮਾਜਿਕ ਦਬਾਅ ਅਤੇ ਸਾਥੀਆਂ ਦਾ ਪ੍ਰਭਾਵ ਨਸ਼ੇ ਨੂੰ ਅਪਣਾਉਣ ’ਚ ਵੱਡੀ ਭੂਮਿਕਾ ਨਿਭਾ ਰਿਹਾ ਹੈ। ਕਾਨੂੰਨ ਦਾ ਢਿੱਲਾਪਣ ਤੇ ਭ੍ਰਿਸ਼ਟਾਚਾਰ ਨਸ਼ੇ ਦੇ ਫੈਲਾਅ ਨੂੰ ਹੋਰ ਤੇਜ਼ ਕਰ ਰਿਹਾ ਹੈ।
ਪਹਿਲਾਂ ਸਰਹੱਦ ਦੇ ਆਲੇ-ਦੁਆਲੇ ਪਰ ਹੁਣ ਕਈ ਕਿੱਲੋਮੀਟਰ ਅੰਦਰ ਖੇਤ ’ਚ ਡਿੱਗ ਰਹੀ ਖੇਪ
ਹਾਲ ਦੇ ਮਹੀਨਿਆਂ ’ਚ ਸੁਰੱਖਿਆ ਏਜੰਸੀਆਂ ਨੇ ਪਾਇਆ ਕਿ ਤਸਕਰ ਹੁਣ ਛੋਟੇ ਡ੍ਰੋਨ ਦੀ ਬਜਾਏ ਲੰਬੀ ਦੂਰੀ ਤੱਕ ਉੱਡਣ ਵਾਲੇ ਹਾਈ-ਟੈਕ ਡ੍ਰੋਨ ਦੀ ਵਰਤੋਂ ਕਰ ਰਹੇ ਹਨ। ਪਹਿਲਾਂ ਖੇਪਾਂ ਅਕਸਰ ਸਰਹੱਦ ਨੇੜੇ ਸੁੱਟੀਆਂ ਜਾਂਦੀਆਂ ਸਨ, ਹੁਣ ਇਹ ਸਰਹੱਦ ਦੇ ਕਈ ਕਿਲੋਮੀਟਰ ਅੰਦਰ ਪਿੰਡਾਂ ਤੇ ਖੇਤਾਂ ਤੱਕ ਪਹੁੰਚ ਰਹੀਆਂ ਹਨ। ਇਸ ਨਾਲ ਸੁਰੱਖਿਆ ਬਲਾਂ ਦੀ ਚਿੰਤਾ ਵੱਧ ਗਈ ਹੈ। ਡ੍ਰੋਨ ਰਾਹੀਂ ਤਸਕਰੀ ਪਿਛਲੇ ਕੁਝ ਸਾਲਾਂ ਤੋਂ ਦੇਖੀ ਜਾ ਰਹੀ ਸੀ, ਪਰ 2024-25 ’ਚ ਮਾਮਲਿਆਂ ਵਿਚ ਅਚਾਨਕ ਵਾਧਾ ਦਰਜ ਕੀਤਾ ਗਿਆ। ਪਰੰਪਰਾਗਤ ਤਰੀਕਿਆਂ ਦੀ ਤੁਲਨਾ ’ਚ ਡ੍ਰੋਨ ਦੀ ਵਰਤੋਂ ਕਰਨਾ ਵੱਧ ਸੁਰੱਖਿਅਤ ਸਾਬਤ ਹੋ ਰਿਹਾ ਹੈ। ਤਸਕਰ ਖ਼ੁਦ ਸੀਮਾ ਪਾਰ ਆਉਣ ਦੀ ਬਜਾਏ ਡ੍ਰੋਨ ਰਾਹੀਂ ਮਾਲ ਭੇਜ ਕੇ ਫੜੇ ਜਾਣ ਤੋਂ ਬਚ ਜਾਂਦੇ ਹਨ। ਫੜੇ ਗਏ ਮਾਮਲਿਆਂ ਤੋਂ ਪਤਾ ਲੱਗਿਆ ਹੈ ਕਿ ਡ੍ਰੋਨ ਰਾਹੀਂ ਲਿਆਂਦੀਆਂ ਗਈਆਂ ਖੇਪਾਂ ’ਚ ਜ਼ਿਆਦਾਤਰ ਹੈਰੋਇਨ ਤੇ ਅਫੀਮ ਵਰਗੇ ਨਸ਼ੇ ਸ਼ਾਮਲ ਹੁੰਦੇ ਹਨ। ਇਹ ਮਾਲ ਪਹਿਲਾਂ ਸਰਹੱਦੀ ਪਿੰਡਾਂ ਦੇ ਨੈੱਟਵਰਕ ਤੱਕ ਪਹੁੰਚਦਾ ਹੈ, ਫਿਰ ਉਥੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਫੈਲਾਇਆ ਜਾਂਦਾ ਹੈ। ਕਈ ਵਾਰੀ ਖੇਪਾਂ ਨੂੰ ਦਿੱਲੀ ਤੇ ਹੋਰ ਰਾਜਾਂ ਤੱਕ ਵੀ ਭੇਜਿਆ ਜਾਂਦਾ ਹੈ।
ਦਸ ਮਹੀਨਿਆਂ ’ਚ ਪੰਜਾਬ ਦੀ ਸਰਹੱਦ ‘ਤੇ 181 ਡ੍ਰੋਨ ਫੜੇ
2024 ’ਚ ਪੂਰੇ ਭਾਰਤ ’ਚ ਡ੍ਰੋਨ ਤਸਕਰੀ ਦੇ 179 ਮਾਮਲੇ ਦਰਜ ਕੀਤੇ ਗਏ। ਇਨ੍ਹਾਂ ਵਿਚੋਂ ਪੰਜਾਬ ’ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਡ੍ਰੋਨ ਰਾਹੀਂ ਕੁੱਲ 163 ਮਾਮਲੇ ਸਨ, ਜਿਨ੍ਹਾਂ ’ਚ ਲਗਪਗ 187 ਕਿੱਲੋ ਹੈਰੋਇਨ ਬਰਾਮਦ ਹੋਈ। ਬਾਕੀ ਰਾਜਸਥਾਨ ’ਚ 15 ਤੇ ਜੰਮੂ-ਕਸ਼ਮੀਰ ’ਚ ਇਕ ਮਾਮਲਾ ਸੀ। ਬੀਐੱਸਐੱਫ ਨੇ 2024 ਦੇ ਸ਼ੁਰੂਆਤੀ ਦਸ ਮਹੀਨਿਆਂ ’ਚ ਪੰਜਾਬ ਸਰਹੱਦ ‘ਤੇ ਲਗਪਗ 181 ਡ੍ਰੋਨ ਬਰਾਮਦ ਕੀਤੇ ਸਨ। ਹਾਲ ਹੀ ’ਚ ਇਕ ਆਪ੍ਰੇਸ਼ਨ ’ਚ, ਬੀਐੱਸਐੱਫ ਨੇ ਅੰਮ੍ਰਿਤਸਰ ਤੇ ਤਰਨਤਾਰਨ ਦੇ ਪਿੰਡਾਂ ’ਚ 6 ਡ੍ਰੋਨ ਬਰਾਮਦ ਕੀਤੇ- ਪੰਜ ਡੀਜੇਆਈ ਮੇਵਿਕ 3 ਕਲਾਸਿਕ ਤੇ ਇਕ ਡੀਜੇਆਈ ਏਅਰ 3ਐੱਸ। ਇਸ ਕਾਰਵਾਈ ’ਚ ਲਗਪਗ 1.73 ਕਿਲੋ ਹੇਰੋਇਨ ਵੀ ਜ਼ਬਤ ਕੀਤੀ ਗਈ



