Punjab

ਡ੍ਰੋਨ ਨਾਲ ਆਈ ਅੱਧਾ ਕਿੱਲੋ ਹੈਰੋਇਨ ਬਰਾਮਦ, ਸ਼ੱਕੀ ਮੋਟਰਸਾਈਕਲ ਵੀ ਮਿਲਿਆ; ਮਾਮਲਾ ਦਰਜ

ਖਾਲੜਾ, 6 ਅਗਸਤ : ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪਿੰਡ ਵਾਂ ਤਾਰਾ ਸਿੰਘ ਦੇ ਖੇਤਾਂ ਵਿੱਚ ਡ੍ਰੋਨ ਰਾਂਹੀ ਸੁੱਟਿਆ ਗਿਆ ਅੱਧਾ ਕਿੱਲੋ ਦੇ ਕਰੀਬ ਹੈਰੋਇਨ ਦਾ ਪੈਕੇਟ ਪੁਲਿਸ ਤੇ ਬੀਐੱਸਐੱਫ ਨੇ ਸਾਂਝੇ ਤਲਾਸ਼ੀ ਅਭਿਆਨ ਦੌਰਾਨ ਬਰਾਮਦ ਕੀਤਾ ਹੈ। ਜਦੋਂ ਕਿ ਖੇਤ ਕੋਲ ਖੜ੍ਹਾ ਸ਼ੱਕੀ ਮੋਟਰਸਾਈਕਲ ਵੀ ਮਿਲਿਆ। ਜਿਸ ਨੂੰ ਕਬਜੇ ਵਿੱਚ ਲੈ ਕੇ ਪੁਲਿਸ ਨੇ ਥਾਣਾ ਖਾਲੜਾ ਵਿਖੇ ਐੱਨਡੀਪੀਐੱਸ ਅਤੇ ਏਅਰ ਕਰਾਫਟ ਐਕਟ ਤਹਿਤ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਹੈ। ਥਾਣਾ ਖਾਲੜਾ ਅਧੀਨ ਆਉਂਦੀ ਚੌਂਕੀ ਰਾਜੋਕੇ ਦੇ ਇੰਚਾਰਜ਼ ਸਬ ਇੰਸਪੈਕਟਰ ਲਖਬੀਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ’ਤੇ ਸਨ। ਇਸੇ ਦੌਰਾਨ ਖੁਫੀਆ ਸੂਚਨਾ ਮਿਲੀ ਕਿ ਪਿੰਡ ਵਾਂ ਤਾਰਾ ਸਿੰਘ ਦੇ ਝੋਨੇ ਦੇ ਖੇਤ ਕੋਲ ਇੱਕ ਮੋਟਰਸਾਈਕਲ ਸ਼ੱਕੀ ਹਲਾਤਾਂ ਵਿੱਚ ਖੜ੍ਹਾ ਹੈ। ਜਿਸ ਦੇ ਚੱਲਦਿਆਂ ਉਨ੍ਹਾਂ ਨੇ ਬੀਐੱਸਐੱਫ ਦੇ ਅਧਿਕਾਰੀ ਐੱਸਐੱਸ ਮੀਨਾ ਅਤੇ ਹੋਰ ਜਵਾਨਾਂ ਸਮੇਤ ਮੌਕੇ ’ਤੇ ਪੁੱਜੇ ਅਤੇ ਉਕਤ ਮੋਟਰਸਾਈਕਲ ਦੀ ਜਾਂਚ ਕੀਤੀ ਤਾਂ ਉਸ ਵਿੱਚੋਂ ਮਾਲਕੀ ਸਬੰਧੀ ਕੋਈ ਕਾਗਜਾਤ ਬਰਾਮਦ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਬੀਐੱਸਐੱਫ ਦੇ ਜਵਾਨਾਂ ਸਮੇਤ ਜਦੋਂ ਝੋਨੇ ਦੇ ਖੇਤ ਵਿਚ ਤਲਾਸ਼ੀ ਅਭਿਆਨ ਚਲਾਇਆ ਤਾਂ ਇੱਕ ਪੀਲੇ ਰੰਗ ਦਾ ਪੈਕੇਟ ਬਰਾਮਦ ਹੋਇਆ। ਜਿਸ ਦੀ ਜਾਂਚ ਦੌਰਾਨ 511 ਗ੍ਰਾਮ ਹੈਰੋਇਨ ਮਿਲੀ ਹੈ। ਉਨ੍ਹਾਂ ਦੱਸਿਆ ਕਿ ਹੈਰੋਇਨ ਤੇ ਮੋਟਰਸਾਈਕਲ ਨੂੰ ਕਬਜੇ ਵਿੱਚ ਲੈ ਲਿਆ ਗਿਆ ਹੈ। ਫਿਲਹਾਲ ਅਣਪਛਾਤੇ ਵਿਅਕਤੀ ਵਿਰੁੱਧ ਕਾਰਵਾਈ ਕੀਤੀ ਗਈ ਹੈ ਅਤੇ ਜਲਦ ਉਸ ਦੀ ਪਛਾਣ ਕਰਕੇ ਗ੍ਰਿਫਤਾਰ ਕਰ ਲਿਆ ਜਾਵੇਗਾ।

Related Articles

Leave a Reply

Your email address will not be published. Required fields are marked *

Back to top button