Punjab

ਡੁੱਬ ਰਹੇ ਵਿਅਕਤੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਦੂਜਾ ਵੀ ਡੁੱਬਿਆ, ਦੋਵਾਂ ਦੀ ਮੌਤ

ਬੋਲਦਾ ਪੰਜਾਬ ਬਿਊਰੋ

ਦੀਨਾਨਗਰ, , 5 ਅਗਸਤ : ਮੰਗਲਵਾਰ ਦੁਪਿਹਰ ਥਾਣਾ ਸਦਰ ਗੁਰਦਾਸਪੁਰ ਦੇ ਪਿੰਡਾਂ ਸਿੰਘੋਵਾਲ ਅਤੇ ਚਾਣਚੱਕ ਨੇੜੇ ਵਾਪਰੇ ਹਾਦਸੇ ਵਿੱਚ ਕਿਰਨ ਨਾਲੇ ਵਿੱਚ ਡੁੱਬ ਰਹੇ ਇਕ ਵਿਅਕਤੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੋਇਆ ਦੂਜਾ ਵਿਅਕਤੀ ਵੀ ਡੁੱਬ ਗਿਆ, ਜਿਸ ਕਾਰਨ ਦੋਵੇਂ ਵਿਅਕਤੀਆਂ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਮੰਗਲਵਾਰ ਸ਼ਾਮ ਚਾਰ ਵਜੇ ਦੇ ਕਰੀਬ ਪਿੰਡ ਚਾਣਚੱਕ ਵਾਸੀ ਵੀਰ ਮਸੀਹ (45) ਠੇਕੇ ਉੱਤੇ ਲਈ ਜ਼ਮੀਨ ‘ਤੇ ਕੰਮ ਕਰਨ ਲਈ ਜਾ ਰਿਹਾ ਸੀ ਕਿ ਅਚਾਨਕ ਉਸਦਾ ਪੈਰ ਤਿਲਕ ਜਾਣ ਕਾਰਨ ਉਹ ਕਿਰਨ ਨਾਲੇ ਵਿੱਚ ਜਾ ਡਿੱਗਾ ਅਤੇ ਡੂੰਘੇ ਪਾਣੀ ਵਿੱਚ ਡੁੱਬਣ ਲੱਗ ਪਿਆ। ਇਸੇ ਦੌਰਾਨ ਵੀਰ ਮਸੀਹ ਨੂੰ ਡੁੱਬਦਾ ਵੇਖ ਉੱਥੇ ਕਾਫੀ ਲੋਕ ਇਕੱਠੇ ਹੋ ਗਏ ਅਤੇ ਰੱਸੇ ਦੀ ਸਹਾਇਤਾ ਨਾਲ ਵੀਰ ਮਸੀਹ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰਨ ਲੱਗੇ। ਇਸੇ ਦੌਰਾਨ ਗੁਰਦੀਪ ਸਿੰਘ ਉਰਫ ਗੋਲਡੀ (35) ਪੁੱਤਰ ਗੁਲਜਾਰ ਸਿੰਘ ਵਾਸੀ ਮੁਕੰਦਪੁਰ ਵੀ ਉੱਥੇ ਪੁੱਜ ਗਿਆ ਅਤੇ ਉਸਨੇ ਵੀਰ ਮਸੀਹ ਨੂੰ ਬਚਾਉਣ ਲਈ ਪਾਣੀ ਵਿੱਚ ਛਾਲ ਮਾਰ ਦਿੱਤੀ। ਹਾਲਾਂਕਿ ਗੁਰਦੀਪ ਸਿੰਘ ਗੋਲਡੀ ਲੋਕਾਂ ਵੱਲੋਂ ਫੜੇ ਹੋਏ ਰੱਸੇ ਦੀ ਸਹਾਇਤਾ ਨਾਲ ਕਿਰਨ ਨਾਲੇ ਅੰਦਰ ਉੱਤਰਿਆ ਸੀ, ਪਰ ਪਾਣੀ ਵਿੱਚ ਵੜਦਿਆਂ ਹੀ ਗੁਰਦੀਪ ਸਿੰਘ ਦੇ ਹੱਥੋਂ ਰੱਸਾ ਛੁੱਟ ਗਿਆ ਅਤੇ ਉਹ ਵੀ ਡੂੰਗੇ ਪਾਣੀ ਵਿੱਚ ਚਲਾ ਗਿਆ। ਇਸ ਦੌਰਾਨ ਲੋਕਾਂ ਨੇ ਦੋਵਾਂ ਨੂੰ ਬਚਾਉਣ ਦੀਆਂ ਕਾਫੀ ਕੋਸ਼ਿਸ਼ਾਂ ਕੀਤੀਆਂ ਪਰ ਕਿਰਨ ਨਾਲੇ ਦੇ ਅੰਦਰ ਜੜ੍ਹੀਆਂ ਬੂਟੀਆਂ ਦੀ ਭਰਮਾਰ ਹੋਣ ਕਾਰਨ ਪਾਣੀ ਵਿੱਚ ਡੁੱਬੇ ਦੋਵੇਂ ਵਿਅਕਤੀ ਦੁਬਾਰਾ ਕਿਸੇ ਨੂੰ ਵੀ ਨਜ਼ਰ ਨਹੀਂ ਆਏ। ਫਿਲਹਾਲ ਗੁਰਦਾਸਪੁਰ ਪੁਲਿਸ ਸਟੇਸ਼ਨ ਦੇ ਇੰਚਾਰਜ ਅਮਨਦੀਪ ਸਿੰਘ ਵੱਲੋਂ ਮੌਕੇ ਤੇ ਪਹੁੰਚ ਕੇ ਲੋਕਾਂ ਦੀ ਸਹਾਇਤਾ ਨਾਲ ਨਾਲੇ ਅੰਦਰ ਡੁੱਬੇ ਦੋਵੇਂ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ ਪਰ ਖਬਰ ਲਿਖੇ ਜਾਣ ਤੱਕ ਨਾਲੇ ਅੰਦਰ ਡੁੱਬੇ ਦੋਵੇਂ ਲੋਕਾਂ ਦਾ ਕੋਈ ਸੁਰਾਗ ਨਹੀਂ ਸੀ ਮਿਲ ਸਕਿਆ।

Related Articles

Leave a Reply

Your email address will not be published. Required fields are marked *

Back to top button