
ਬਾਲ ਕਿਸ਼ਨ
ਫਿਰੋਜ਼ਪੁਰ, 12 ਅਗਸਤ : ਅਜਾਦੀ ਦਿਹਾੜੇ ਤੋਂ ਪਹਿਲੋਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਫਿਰੋਜ਼ਪੁਰ ਵਿਖੇ, ਫਿਰੋਜ਼ਪੁਰ ਅਤੇ ਫਰੀਦਕੋਟ ਰੇਂਜ ਦੇ ਅਧਿਕਾਰੀਆਂ ਨਾਲ ‘ਰੇਂਜ-ਪੱਧਰੀ ਕਾਨੂੰਨ-ਵਿਵਸਥਾ ਸਮੀਖਿਆ ਮੀਟਿੰਗ’ ਕੀਤੀ। ਮੀਟਿੰਗ ਵਿੱਚ ਫਾਜ਼ਿਲਕਾ, ਫਿਰੋਜ਼ਪੁਰ, ਤਰਨਤਾਰਨ, ਫਰੀਦਕੋਟ, ਮੋਗਾ ਅਤੇ ਮੁਕਤਸਰ ਜ਼ਿਲ੍ਹਿਆਂ ਦੇ ਐਸਐਸਪੀਜ਼, ਡੀਆਈਜੀ ਅਤੇ ਐਸ.ਐਚ.ਓਜ਼. ਸ਼ਾਮਲ ਹੋਏ। ਇਸ ਸਮੀਖਿਆ ਮੀਟਿੰਗ ਵਿਚ ‘ਲਾਅ ਐਂਡ ਆਰਡਰ ’ ਤੋਂ ਇਲਾਵਾ ਇਕ ਵਾਰੀ ਫਿਰ ‘ਯੁੱਧ ਨਸ਼ਿਆ ਵਿਰੁੱਧ’ ਨਸ਼ੀਲੇ ਪਦਾਰਥਾਂ ਦੇ ਖ਼ਤਰੇ ਨੂੰ ਖ਼ਤਮ ਕਰਨ ਲਈ ਪੰਜਾਬ ਪੁਲਿਸ ਦੇ ਦ੍ਰਿੜ ਇਰਾਦੇ ਨੂੰ ਦੁਹਰਾਇਆ ਗਿਆ। ਇਸ ਮੌਕੇ ਡੀਜਪੀ ਪੰਜਾਬ ਵੱਲੋਂ ਸੁਤੰਤਰਤਾ ਦਿਵਸ ਦੇ ਜਸ਼ਨਾਂ ਨੂੰ ਸੁਰੱਖਿਅਤ ਬਣਾਉਣ ਲਈ ਅੰਤਰ-ਜ਼ਿਲ੍ਹਾ ਤਾਲਮੇਲ, ਮਜ਼ਬੂਤ ਨਾਕੇ ਅਤੇ ਨਿਰੰਤਰ ਨਿਗਰਾਨੀ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ। ਉਚ ਪੁਲਿਸ ਅਧਿਕਾਰੀਆਂ ਮੁਤਾਬਿਕ, ਇਸ ਦੌਰਾਨ ਸਾਰੇ ਐਸ.ਐਚ.ਓਜ਼. ਨਾਲ ਇੱਕ ਵਧੀਆ ਫੀਡਬੈਕ ਸੈਸ਼ਨ ਹੋਇਆ, ਜਿਸ ਵਿੱਚ ਆਪਸੀ ਗੱਲਬਾਤ ਰਾਹੀਂ ਚੰਗੇ ਅਤੇ ਕੀਮਤੀ ਸੁਝਾਵਾ ਦਾ ਆਦਾਨ ਪ੍ਰਦਾਨ ਹੋਇਆ ਤਾਂ ਜੋ ਜਨਤਕ ਸੁਰੱਖਿਆ ਅਤੇ ਭਾਈਚਾਰਕ ਭਲਾਈ ਪ੍ਰਤੀ ਸਾਂਝੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਇਸ ਮੌਕੇ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ,ਐਸਐਸਪੀ ਫਰੀਦਕੋਟ ਪ੍ਰਗਿਆ ਜੈਨ ਤੋਂ ਇਲਾਵਾ ਡੀ.ਆਈ.ਜੀ. ਫਰੀਦਕੋਟ ਰੇਂਜ, ਐਸਐਸਪੀਜ਼, ਅਤੇ ਸਬੰਧਤ ਜ਼ਿਲ੍ਹਿਆਂ ਦੇ ਸਾਰੇ ਗਜ਼ਟਿਡ ਅਧਿਕਾਰੀ ਅਤੇ ਐਸ.ਐਚ.ਓਜ਼. ਨੇ ਸ਼ਿਰਕਤ ਕੀਤੀ।



