National

ਡਿਵਾਈਡਰ ਨਾਲ ਟਕਰਾਇਆ ਟਰੱਕ, ਫਿਰ ਬੱਸ ਨਾਲ ਭਿੜਿਆ

ਨਵੀਂ ਦਿੱਲੀ, 25 ਦਸੰਬਰ : ਵੀਰਵਾਰ ਨੂੰ ਕਰਨਾਟਕ ਦੇ ਚਿਤਰਦੁਰਗਾ ਜ਼ਿਲ੍ਹੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇੱਥੇ ਇੱਕ ਸਲੀਪਰ ਬੱਸ ਅਤੇ ਟਰੱਕ ਦੀ ਟੱਕਰ ਵਿੱਚ ਘੱਟੋ-ਘੱਟ ਨੌਂ ਲੋਕਾਂ ਦੀ ਜ਼ਿੰਦਾ ਸੜ ਜਾਣ ਕਾਰਨ ਮੌਤ ਹੋ ਗਈ। ਇਹ ਸਲੀਪਰ ਬੱਸ ਬੈਂਗਲੁਰੂ ਤੋਂ ਸ਼ਿਵਮੋਗਾ ਜਾ ਰਹੀ ਸੀ, ਇਸੇ ਦੌਰਾਨ ਨੈਸ਼ਨਲ ਹਾਈਵੇਅ ‘ਤੇ ਇਹ ਘਟਨਾ ਵਾਪਰੀ। ਦੋਵਾਂ ਵਾਹਨਾਂ ਦੀ ਟੱਕਰ ਤੋਂ ਬਾਅਦ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਬੱਸ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਬੱਸ ਵਿੱਚੋਂ ਕੁਝ ਯਾਤਰੀ ਬਾਹਰ ਨਿਕਲਣ ਵਿੱਚ ਸਫ਼ਲ ਹੋ ਗਏ ਪਰ ਕੁਝ ਅੰਦਰ ਹੀ ਫਸ ਗਏ, ਜਿਸ ਕਾਰਨ ਉਨ੍ਹਾਂ ਦੀ ਦਰਦਨਾਕ ਮੌਤ ਹੋ ਗਈ।

ਬੱਸ ਯਾਤਰੀ ਨੇ ਬਿਆਨ ਕੀਤਾ ਡਰਾਉਣਾ ਮੰਜ਼ਰ

ਬੱਸ ਦੇ ਅੰਦਰ ਮੌਜੂਦ ਕੁਝ ਯਾਤਰੀਆਂ ਅਤੇ ਹੋਰ ਚਸ਼ਮਦੀਦਾਂ ਨੇ ਉਸ ਹਾਦਸੇ ਦੇ ਭਿਆਨਕ ਮੰਜ਼ਰ ਨੂੰ ਸਾਂਝਾ ਕੀਤਾ ਹੈ। ਇਸ ਘਟਨਾ ਵਿੱਚ ਕਿਸੇ ਤਰ੍ਹਾਂ ਬਚੇ ਇੱਕ ਯਾਤਰੀ ਨੇ ਹਾਲਾਤ ਬਿਆਨ ਕਰਦਿਆਂ ਦੱਸਿਆ ਕਿ ਐਕਸੀਡੈਂਟ ਤੋਂ ਬਾਅਦ ਯਾਤਰੀ ਚੀਕਾਂ ਮਾਰ ਰਹੇ ਸਨ। ਯਾਤਰੀ ਨੇ ਦੱਸਿਆ ਕਿ ਜਿਸ ਵੇਲੇ ਇਹ ਹਾਦਸਾ ਹੋਇਆ ਉਹ ਸੌ ਰਿਹਾ ਸੀ ਅਤੇ ਟੱਕਰ ਤੋਂ ਬਾਅਦ ਉਹ ਸੀਟ ਤੋਂ ਹੇਠਾਂ ਡਿੱਗ ਪਿਆ। ਯਾਤਰੀ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਚਾਰੇ ਪਾਸੇ ਅੱਗ ਦੇਖੀ, ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਹ ਨਹੀਂ ਖੁੱਲ੍ਹਿਆ। ਯਾਤਰੀ ਮੁਤਾਬਕ ਲੋਕ ਸ਼ੀਸ਼ਾ ਤੋੜ ਕੇ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਵਿੱਚੋਂ ਕੁਝ ਲੋਕ ਦੂਜਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਅੱਗ ਬਹੁਤ ਤੇਜ਼ੀ ਨਾਲ ਫੈਲ ਰਹੀ ਸੀ, ਜਿਸ ਕਾਰਨ ਇਹ ਮੁਸ਼ਕਲ ਹੋ ਗਿਆ। ਸਚਿਨ ਨਾਮ ਦੇ ਯਾਤਰੀ, ਜੋ ਉਸੇ ਸੜਕ ‘ਤੇ ਸਫ਼ਰ ਕਰ ਰਹੇ ਸਨ, ਉਨ੍ਹਾਂ ਦੱਸਿਆ ਕਿ ਸਲੀਪਰ ਬੱਸ ਨੇ ਸਾਨੂੰ ਓਵਰਟੇਕ ਕੀਤਾ ਸੀ। ਇੱਕ ਕੰਟੇਨਰ ਟਰੱਕ, ਜੋ ਸੜਕ ਦੇ ਦੂਜੇ ਪਾਸੇ ਤੋਂ ਆ ਰਿਹਾ ਸੀ, ਡਿਵਾਈਡਰ ‘ਤੇ ਚੜ੍ਹ ਗਿਆ ਅਤੇ ਬੱਸ ਨਾਲ ਜਾ ਟਕਰਾਇਆ। ਟਰੱਕ ਬੱਸ ਦੇ ਉਸ ਹਿੱਸੇ ਦੇ ਨੇੜੇ ਟਕਰਾਇਆ ਜਿੱਥੇ ਡੀਜ਼ਲ ਟੈਂਕ ਸੀ। ਉੱਥੇ ਹੀ, ਸੜਕ ‘ਤੇ ਜਾ ਰਹੇ ਇੱਕ ਹੋਰ ਚਸ਼ਮਦੀਦ ਨੇ ਦੱਸਿਆ ਕਿ ਇਸ ਐਕਸੀਡੈਂਟ ਕਾਰਨ ਭਾਰੀ ਟ੍ਰੈਫਿਕ ਜਾਮ ਲੱਗ ਗਿਆ ਅਤੇ ਗੱਡੀਆਂ ਕਰੀਬ ਅੱਠ ਕਿਲੋਮੀਟਰ ਤੱਕ ਫਸੀਆਂ ਰਹੀਆਂ। ਉਸ ਨੇ ਯਾਤਰੀਆਂ ਨੂੰ ਇਸ ਰਸਤੇ ‘ਤੇ ਸਫ਼ਰ ਕਰਨ ਤੋਂ ਬਚਣ ਦੀ ਸਲਾਹ ਦਿੱਤੀ।

 

ਟਰੱਕ ਨੇ ਫਿਊਲ ਟੈਂਕ ਵਿੱਚ ਮਾਰੀ ਟੱਕਰ

ਹਾਦਸੇ ਦੀ ਸ਼ੁਰੂਆਤੀ ਜਾਂਚ ਦਾ ਹਵਾਲਾ ਦਿੰਦੇ ਹੋਏ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਟਰੱਕ ਨੇ ਸਲੀਪਰ ਬੱਸ ਦੇ ਫਿਊਲ ਟੈਂਕ ਵਿੱਚ ਟੱਕਰ ਮਾਰੀ ਹੋਵੇਗੀ, ਜਿਸ ਕਾਰਨ ਫਿਊਲ ਬਾਹਰ ਨਿਕਲ ਗਿਆ। ਅਧਿਕਾਰੀ ਨੇ ਇਹ ਵੀ ਦੱਸਿਆ ਕਿ ਇਸ ਟੱਕਰ ਵਿੱਚ ਟਰੱਕ ਚਾਲਕ ਸਮੇਤ ਕੁੱਲ 9 ਲੋਕਾਂ ਦੀ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ ਕੁਝ ਯਾਤਰੀ ਬਚ ਗਏ ਹਨ ਅਤੇ ਜੋ ਜ਼ਖਮੀ ਹਨ, ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button