Punjab

ਡਾ. ਰਵਜੋਤ ਸਿੰਘ ਨੇ ਮੋਰਿੰਡਾ ਸ਼ਹਿਰ ਦਾ ਕੀਤਾ ਅਚਾਨਕ ਦੌਰਾ, ਸੈਨਿਟਰੀ ਇੰਸਪੈਕਟਰ ਤੇ ਜੇਈ ਮੋਰਿੰਡਾ ਕੀਤੇ ਸਸਪੈਂਡ

ਰੋਪੜ,  30 ਜੁਲਾਈ : ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਅੱਜ ਸਵੇਰੇ ਮੋਰਿੰਡਾ ਸ਼ਹਿਰ ਦਾ ਅਚਾਨਕ ਦੌਰਾ ਕੀਤਾ ਅਤੇ ਸ਼ਹਿਰ ਵਿੱਚ ਆਉਂਦਿਆਂ ਹੀ ਬਿਨਾਂ ਰੁਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਸੀਵਰੇਜ ਅਤੇ ਸਫਾਈ ਪ੍ਰਬੰਧਾਂ ਦਾ ਜਾਇਜ਼ਾ ਲੈਣਾ ਸ਼ੁਰੂ ਕਰ ਦਿੱਤਾ। ਇਸ ਮੌਕੇ ‘ਤੇ ਬਹੁਤ ਸਾਰੇ ਸ਼ਹਿਰ ਵਾਸੀਆਂ ਵੱਲੋਂ ਸੀਵਰੇਜ ਬੋਰਡ ਅਧਿਕਾਰੀਆਂ ਅਤੇ ਨਗਰ ਕੌਂਸਲ ਅਧਿਕਾਰੀਆਂ ਦੀਆਂ ਖੁੱਲ੍ਹ ਕੇ ਸ਼ਿਕਾਇਤਾਂ ਕੀਤੀਆਂ ਗਈਆਂ। ਇਥੋਂ ਤੱਕ ਕਿ ਕੌਂਸਲਰਾਂ ਨੇ ਵੀ ਇਹ ਸ਼ਿਕਾਇਤਾਂ ਸਬੰਧੀ ਹਾਮੀ ਭਰੀ। ਸ਼ਹਿਰ ਵਿੱਚ ਸੜਕਾਂ ‘ਤੇ ਫੈਲੇ ਗੰਦੇ ਪਾਣੀ ਅਤੇ ਗੰਦਗੀ ਤੋਂ ਸਖਤ ਨਰਾਜ਼ ਹੁੰਦਿਆਂ ਡਾਕਟਰ ਰਵਜੋਤ ਸਿੰਘ ਨੇ ਕਾਰਜ ਅਫਸਰ ਮੋਰਿੰਡਾ ਦੀ ਟਰਾਂਸਫਰ ਅਤੇ ਸੈਨਿਟਰੀ ਇੰਸਪੈਕਟਰ ਤੇ ਜੇਈ ਮੋਰਿੰਡਾ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰਨ ਦਾ ਐਲਾਨ ਕੀਤਾ। ਡਾਕਟਰ ਰਵਜੋਤ ਸਿੰਘ ਨੇ ਸੀਵਰੇਜ ਬੋਰਡ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸਖਤ ਤਾੜਨਾ ਕੀਤੀ ਅਤੇ ਇੱਕ ਮਹੀਨੇ ਬਾਅਦ ਫਿਰ ਦੌਰਾ ਕਰਨ ਦਾ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਨੂੰ ਚੌਗਿਰਦੇ ਦੀ ਸਾਫ ਸਫਾਈ, ਸਾਫ ਪਾਣੀ ਅਤੇ ਹੋਰ ਸਿਹਤ ਸਹੂਲਤਾਂ ਦੇਣ ਲਈ ਬਿਲਕੁਲ ਸਪਸ਼ਟ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਸਹੂਲਤਾਂ ਨਾ ਦੇਣ ਵਾਲੇ ਕਿਸੇ ਵੀ ਨਗਰ ਕੌਂਸਲ ਅਧਿਕਾਰੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ‘ਤੇ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ, ਏਡੀਸੀ ਜਨਰਲ ਪੂਜਾ ਸਿਆਲ ਗਰੇਵਾਲ ਅਤੇ ਐਸਡੀਐਮ ਮੋਰਿੰਡਾ ਸੁਖਪਾਲ ਸਿੰਘ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button