
ਰੂਪਨਗਰ, 21 ਜੁਲਾਈ : ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤੇ ਭਾਜਪਾ ਦੇ ਸੰਸਦੀ ਬੋਰਡ ਦੇ ਮੈਂਬਰ ਤੇ ਪ੍ਰਸਿੱਧ ਸਿੱਖ ਵਿਦਵਾਨ ਡਾ. ਇਕਬਾਲ ਸਿੰਘ ਲਾਲਪੁਰਾ ਵੱਲੋਂ ਲਿਖੀ ਗਈ ਕਿਤਾਬ “ਤਿਲਕ ਜੰਝੂ ਕਾ ਰਾਖਾ” (ਜੀਵਨ: ਸ੍ਰੀ ਗੁਰੂ ਤੇਗ ਬਹਾਦਰ ਸਾਹਿਬ) ਕਿਤਾਬ ਦਾ ਲੋਕ ਅਰਪਣ ਸਮਾਰੋਹ ਕੰਸਟੀਚਿਊਸ਼ਨ ਕਲੱਬ ਦਿਲੀ ਵਿਚ ਕੀਤਾ ਗਿਆ। ਇਹ ਇਤਿਹਾਸਕ ਕਿਤਾਬ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ, ਸਿੱਖਿਆਵਾਂ ਅਤੇ ਕੁਰਬਾਨੀ ਨੂੰ ਸਮਰਪਤ ਹੈ। ਪ੍ਰੋਗਰਾਮ ਦੇ ਮੁੱਖ ਮਹਿਮਾਨ ਭਾਰਤ ਦੇ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਅਤੇ ਕੇਂਦਰੀ ਰਾਜ ਮੰਤਰੀ ਹਰਸ਼ ਮਲਹੋਤਰਾ ਨੇ ਡਾ. ਇਕਬਾਲ ਸਿੰਘ ਲਾਲਪੁਰਾ ਦੇ ਸਿੱਖ ਧਰਮ ਪ੍ਰਤੀ ਸਮਰਪਣ ਤੇ ਉਨ੍ਹਾਂ ਦੇ ਅਕਾਦਮਿਕ ਯੋਗਦਾਨ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਇਹ ਕਿਤਾਬ ਅਜੋਕੇ ਸਮੇਂ ਵਿਚ ਅਹਿਮ ਦਸਤਾਵੇਜ਼ ਹੈ ਜੋ ਸਮਾਜ ਨੂੰ ਅਧਿਆਤਮਕ ਕਦਰਾਂ-ਕੀਮਤਾਂ ਵੱਲ ਪ੍ਰੇਰਿਤ ਕਰਦੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਜੀਵਨ ਮਨੁੱਖਤਾ ਦੀ ਰੱਖਿਆ ਲਈ ਕੁਰਬਾਨੀ, ਤਪੱਸਿਆ ਤੇ ਅਡੋਲ ਹਿੰਮਤ ਦਾ ਪ੍ਰਤੀਕ ਹੈ। ਉਨ੍ਹਾਂ ਨੇ ਧਰਮ ਤੇ ਸੱਚ ਦੀ ਰੱਖਿਆ ਲਈ ਆਪਣਾ ਸੀਸ ਕੁਰਬਾਨ ਕਰ ਦਿੱਤਾ ਤੇ ਸਮੁੱਚੀ ਮਨੁੱਖਤਾ ਨੂੰ ਏਕਤਾ, ਸਹਿਣਸ਼ੀਲਤਾ ਦਾ ਸੰਦੇਸ਼ ਦਿੱਤਾ। ਇਹ ਸਮਾਗਮ ਗਲੋਬਲ ਪੰਜਾਬੀ ਐਸੋਸੀਏਸ਼ਨ (ਜੀਪੀਏ) ਵੱਲੋਂ ਕਰਵਾਇਆ ਗਿਆ ਸੀ। ਡਾ. ਲਾਲਪੁਰਾ ਦੇ ਪੁੱਤਰ, ਭਾਜਪਾ ਜ਼ਿਲ੍ਹਾ ਰੋਪੜ ਦੇ ਪ੍ਰਧਾਨ ਅਤੇ ਵਰਲਡ ਕੈਂਸਰ ਕੇਅਰ ਇੰਡੀਆ ਦੇ ਡਾਇਰੈਕਟਰ ਅਜੈਵੀਰ ਸਿੰਘ ਲਾਲਪੁਰਾ, ਇਕਬਾਲ ਸਿੰਘ ਲਾਲਪੁਰਾ ਦੀ ਪਤਨੀ ਹਰਦੀਪ ਕੌਰ ਲਾਲਪੁਰਾ, ਜੈਸਮੀਨ ਕੌਰ ਲਾਲਪੁਰਾ, ਜ਼ੇਨੀਆ ਲਾਲਪੁਰਾ ਨੇ ਸਾਰੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ।



