
ਜਗਰਾਓਂ, 7 ਅਗਸਤ : ਗੰਭੀਰ ਅਣਗਹਿਲੀਆਂ ਵਾਲੇ ਸਿਵਲ ਹਸਪਤਾਲ ਵਿਚ ਦਿਲ ਦਹਿਲਾ ਦੇਣ ਵਾਲਾ ਨਵਾਂ ਮਾਮਲਾ ਸਾਹਮਣੇ ਆਇਆ ਹੈ ਕਿ ਡਾਕਟਰ ਸਾਬ੍ਹ ਅਰਾਮ ਫਰਮਾਉਂਦੇ ਰਹੇ, ਜਦਕਿ ਬਾਹਰ ਪਿਆ ਮਰੀਜ਼ ਦਮ ਤੋੜ ਗਿਆ। ਇਹ ਮਰੀਜ਼ ਹਸਪਤਾਲ ਵਿਚ ਬੀਤੀ ਰਾਤ ਦਾਖ਼ਲ ਕੀਤਾ ਗਿਆ ਸੀ ਤੇ ਸਟਾਫ਼ ਤਕ ਨੂੰ ਪਤਾ ਵੀ ਨਹੀਂ ਸੀ। ਲੋਕ ਲੱਭਣ ਆਏ ਤਾਂ ਸਟਾਫ਼ ਨੇ ਇਹ ਕਹਿ ਕੇ ਮੋੜ ਦਿੱਤਾ, ਅਖੇ, ਕੋਈ ਮਰੀਜ਼ ਦਾਖ਼ਲ ਨਹੀਂ। ਜਦੋਂ ਲੋਕਾਂ ਨੇ ਭਾਲ ਕੀਤੀ ਤਾਂ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਬਾਹਰ ਪਏ ਸ਼ੈੱਡ ਹੇਠਾਂ ਪਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਪਰਵਾਸੀ ਮਜ਼ਦੂਰ ਵੀਰੂ ਜੋ ਕਿ ਅਗਵਾੜ ਡਾਲਾ ਅਤੇ ਲੋਪੋ ਦੇ ਨੇੜਲੇ ਇਲਾਕੇ ਵਿਚ ਰਹਿੰਦਾ ਸੀ, ਜਿਸ ਕਰ ਕੇ ਇਲਾਕੇ ਦੇ ਲੋਕ ਉਸ ਨੂੰ ਜਾਨਣ ਲੱਗ ਗਏ ਸਨ। ਪਿਛਲੇ ਕੁਝ ਸਮੇਂ ਤੋਂ ਵੀਰੂ ਅਗਵਾੜ ਡਾਲਾ ਦੇ ਰਬਪ੍ਰੀਤ ਸਿੰਘ ਦੇ ਘਰ ਆ ਕੇ ਰਾਤ ਗੁਜ਼ਾਰ ਲੈਂਦਾ ਸੀ ਅਤੇ ਦਿਨ ਵੇਲੇ ਖੇਤਾਂ ਵਿਚ ਮਜ਼ਦੂਰੀ ਕਰਨ ਚਲਾ ਜਾਂਦਾ ਸੀ। ਬੀਤੀ ਰਾਤ ਉਹ ਅਗਵਾੜ ਡਾਲਾ ਦੇ ਬੱਸ ਸਟਾਪ ’ਤੇ ਗੁਮਸੁਮ ਹਾਲਤ ਵਿਚ ਪਿਆ ਸੀ, ਜਿਸ ’ਤੇ ਅਗਵਾੜ ਦੇ ਲੋਕਾਂ ਨੇ ਐਂਬੂਲੈਂਸ 108 ਨੂੰ ਸੂਚਿਤ ਕੀਤਾ। ਸੂਚਨਾ ਮਿਲਣ ’ਤੇ ਐਂਬੂਲੈਂਸ ਪੁੱਜੀ ਅਤੇ ਵੀਰੂ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਗਈ। ਬੁੱਧਵਾਰ ਨੂੰ ਵੀਰੂ ਦੇ ਬੀਤੀ ਰਾਤ ਘਰ ਨਾ ਆਉਣ ’ਤੇ ਰਬਪ੍ਰੀਤ ਆਪਣੇ ਨਾਲ ਦਲਜਿੰਦਰ ਸਿੰਘ ਅਤੇ ਅਗਵਾੜ ਲੋਪੋ ਦੇ ਬਚਨ ਪ੍ਰਸ਼ਾਦ ਯਾਦਵ ਨੂੰ ਲੈ ਕੇ ਜਗਰਾਓਂ ਸਿਵਲ ਹਸਪਤਾਲ ਪੁੱਜੇ। ਹਸਪਤਾਲ ਡਿਊਟੀ ’ਤੇ ਤਾਇਨਾਤ ਸਟਾਫ਼ ਨੇ ਵੀਰੂ ਦੇ ਦਾਖ਼ਲ ਹੋਣ ਸਬੰਧੀ ਇਨਕਾਰ ਕਰ ਦਿੱਤਾ। ਇਸ ’ਤੇ ਤਿੰਨੋਂ ਖੁਦ ਹੀ ਹਸਪਤਾਲ ਵਿਚ ਵੀਰੂ ਦੀ ਭਾਲ ਕਰਨ ਲੱਗ ਪਏ, ਜਿਉਂ ਹੀ ਉਨ੍ਹਾਂ ਦੀ ਨਜ਼ਰ ਐਮਰਜੈਂਸੀ ਵਾਰਡ ਦੇ ਬਾਹਰ ਸ਼ੈੱਡ ਹੇਠਾਂ ਸਿਵਲ ਹਸਪਤਾਲ ਦੇ ਮਰੀਜ਼ਾਂ ਵਾਲੀ ਵਰਦੀ ਪਾਈ ਪਏ ਇਕ ਵਿਅਕਤੀ ’ਤੇ ਪਈ ਤਾਂ ਉਹ ਵੀਰੂ ਨਿਕਲਿਆ। ਇਸ ’ਤੇ ਉਨ੍ਹਾਂ ਬਾਹਰ ਤਾਇਨਾਤ ਸਕਿਓਰਿਟੀ ਗਾਰਡ ਨੂੰ ਸੂਚਿਤ ਕੀਤਾ। ਗਾਰਡ ਨੇ ਇਸ ਮਰੀਜ਼ ਦੇ ਬਾਹਰ ਪਏ ਹੋਣ ਦੀ ਸੂਚਨਾ ਐਮਰਜੈਂਸੀ ਸਟਾਫ਼ ਨੂੰ ਦਿੱਤੀ ਪਰ ਕੋਈ ਜਣਾ ਨਾ ਆਇਆ। ਇਸ ’ਤੇ ਮਾਮਲਾ ਧਿਆਨ ਵਿਚ ਆਇਆ ਤਾਂ ਮੀਡੀਆ ਨੇ ਹਸਪਤਾਲ ਪਹੁੰਚ ਕੇ ਐਮਰਜੈਂਸੀ ਡਿਊਟੀ ’ਤੇ ਤਾਇਨਾਤ ਡਾਕਟਰ ਨੂੰ ਮਿਲਣਾ ਚਾਹਿਆ। ਸਟਾਫ਼ ਨੇ ਦੱਸਿਆ ਕਿ ਡਾਕਟਰ ਸਾਬ੍ਹ ਤਾਂ ਕਮਰੇ ਵਿਚ ਹੈ, ਆਰਾਮ ਫਰਮਾ ਰਹੇ ਡਾਕਟਰ ਨੂੰ ਬੁਲਾ ਕੇ ਬਾਹਰ ਸ਼ੈੱਡ ਥੱਲੇ ਪਏ ਮਰੀਜ਼ ਦੀ ਸਾਰ ਲੈਣ ਦੀ ਗੁਜਾਰਿਸ਼ ਕੀਤੀ ਤਾਂ ਉਹ ਆ ਗਏ। ਸਟਾਫ਼ ਜਿਸ ਨੂੰ ਪਤਾ ਹੀ ਨਹੀਂ ਸੀ ਕਿ ਵੀਰੂ ਨਾਮ ਦਾ ਮਰੀਜ਼ ਦਾਖ਼ਲ ਹੈ ਜਾਂ ਨਹੀਂ, ਉਸ ਨੂੰ ਚੁੱਕ ਕੇ ਐਮਰਜੈਂਸੀ ਲੈ ਆਏ। ਜਿੱਥੇ ਲੰਮੀ ਜਾਂਚ ਪੜਤਾਲ ਤੋਂ ਬਾਅਦ ਮਰੀਜ਼ ਨੂੰ ਮ੍ਰਿਤਕ ਕਰਾਰ ਦਿੰਦਿਆਂ ਮੋਰਚਰੀ ਵਿਚ ਦੇਹ ਰੱਖਵਾ ਦਿੱਤੀ ਗਈ। ਇਸ ਸਬੰਧ ਵਿਚ ਜਗਰਾਓਂ ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਹਰਜੀਤ ਸਿੰਘ ਨੇ ਕਿਹਾ ਕਿ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਬਾਹਰ ਲਾਵਾਰਿਸ ਪਏ ਮਰੀਜ਼ ਦੇ ਦਮ ਤੋੜ ਦੇਣ ਦੇ ਮਾਮਲੇ ’ਚ ਜਦੋਂ ਉਨ੍ਹਾਂ ਡਿਊਟੀ ਸਟਾਫ਼ ਤੋਂ ਪਤਾ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਇਹ ਮਰੀਜ਼ ਰਾਤ ਐਂਬੂਲੈਂਸ 108 ਰਾਹੀਂ ਆਇਆ ਸੀ, ਉਦੋਂ ਸਟਾਫ਼ ਨੇ ਡਰਿੱਪ ਲਗਾਈ ਸੀ ਪਰ ਉਸ ਨੂੰ ਦਾਖ਼ਲ ਨਹੀਂ ਕੀਤਾ ਗਿਆ। ਜਦੋਂ ਉਨ੍ਹਾਂ ਤੋਂ ਇਹ ਪੁੱਛਿਆ ਕਿ ਬਿਨ੍ਹਾਂ ਦਾਖ਼ਲ ਕੀਤੇ ਮਰੀਜ਼ ਦੇ ਗੋਲੂਕੋਜ਼ ਕਿਵੇਂ ਲੱਗ ਸਕਦਾ ਹੈ? ਅਤੇ ਹਸਪਤਾਲ ਦੇ ਮਰੀਜ਼ਾਂ ਵਾਲੇ ਕੱਪੜੇ ਕਿੰਝ ਪਾਏ ਜਾ ਸਕਦੇ ਹਨ? ਤਾਂ ੳਨ੍ਹਾਂ ਇਹ ਵੀ ਮੰਨ ਲਿਆ ਕਿ ਦਾਖ਼ਲ ਮਰੀਜ਼ਾਂ ਨਾਲ ਇੰਝ ਹੀ ਕੀਤਾ ਜਾਂਦਾ ਹੈ। ਇਸ ਬਾਰੇ ਉਹ ਜਾਂਚ ਕਰਨਗੇ।



