Punjab

ਡਾਕਟਰ ਨੇ ਹਸਪਤਾਲ ’ਚ ਕੀਤਾ ਹੋਇਆ ਸੀ ਨਸ਼ਾ, ਵੀਡੀਓ ਬਣਾਉਣ ’ਤੇ ਔਰਤ ਨੂੰ ਮਾਰਿਆ ਥੱਪੜ

ਜਲੰਧਰ, 20 ਜੂਨ : ਹਸਪਤਾਲ ਵਿਚ ਨਸ਼ਾ ਕਰਦੇ ਹੋਏ ਇਕ ਡਾਕਟਰ ਦਾ ਵੀਡੀਓ ਇੰਟਰਨੈੱਟ ਮੀਡੀਆ ’ਤੇ ਵਾਇਰਲ ਹੋ ਗਿਆ ਹੈ। ਨਸ਼ਾ ਕਰਨ ਤੋਂ ਬਾਅਦ ਡਾਕਟਰ ਹਸਪਤਾਲ ਵਿਚ ਹੀ ਇਕ ਔਰਤ ਨੂੰ ਥੱਪੜ ਮਾਰਦਾ ਦਿਖਾਈ ਦੇ ਰਿਹਾ ਹੈ। ਇਹ ਵੀਡੀਓ ਜਲੰਧਰ ਦੇ ਰਾਮਾਮੰਡੀ ਇਲਾਕੇ ਨਾਲ ਜੁੜੇ ਦਕੋਹਾ ਕਸਬੇ ਦਾ ਦੱਸਿਆ ਜਾ ਰਿਹਾ ਹੈ। ਲੋਕਾਂ ਨੇ ਇਸ ਵੀਡੀਓ ਨੂੰ ਸਿਹਤ ਮੰਤਰੀ ਅਤੇ ਮੁੱਖ ਮੰਤਰੀ ਨੂੰ ਵੀ ਟੈਗ ਕੀਤਾ ਹੈ। ਡਾਕਟਰ ਦੇ ਹਸਪਤਾਲ ਵਿਚ ਨਸ਼ਾ ਕਰਦੇ ਹੋਏ ਵਾਇਰਲ ਹੋਏ ਵੀਡੀਓ ਦੀ ਸਿਹਤ ਮੰਤਰੀ ਬਲਬੀਰ ਸਿੰਘ ਨੇ ਜਾਂਚ ਦੇ ਹੁਕਮ ਦਿੱਤੇ ਹਨ। ਸਿਹਤ ਮੰਤਰੀ ਬਲਬੀਰ ਸਿੰਘ ਵੀਰਵਾਰ ਨੂੰ ਜਲੰਧਰ ਵਿਚ ਕਰਵਾਇਆ ਗਿਆ ਸੀਐੱਮ ਦੀ ਯੋਗਸ਼ਾਲਾ ਦੇ ਸੂਬਾ ਪੱਧਰੀ ਪ੍ਰੋਗਰਾਮ ਵਿਚ ਸ਼ਿਰਕਤ ਕਰਨ ਪਹੁੰਚੇ ਸਨ। ਪ੍ਰੋਗਰਾਮ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਵੀਡੀਓ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ। ਉਨ੍ਹਾਂ ਨੇ ਇਸ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਦੇ ਹੁਕਮ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਦੇ ਦਿੱਤੇ ਹਨ। ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਇਕ ਡਾਕਟਰ ਹਸਪਤਾਲ ਵਿਚ ਹੀ ਨਸ਼ੇ ਦਾ ਸੇਵਨ ਕਰ ਰਿਹਾ ਹੈ। ਉਥੇ ਮੌਜੂਦ ਇਕ ਔਰਤ ਆਪਣੇ ਮੋਬਾਈਲ ’ਚ ਉਸ ਦਾ ਵੀਡੀਓ ਬਣਾਉਂਦੀ ਹੈ। ਡਾਕਟਰ ਔਰਤ ਨੂੰ ਵੀਡੀਓ ਬਣਾਉਣ ਤੋਂ ਰੋਕਦਾ ਹੈ। ਜਦੋਂ ਔਰਤ ਇਨਕਾਰ ਕਰਦੀ ਹੈ, ਤਾਂ ਡਾਕਟਰ ਗੁੱਸੇ ਵਿਚ ਆ ਕੇ ਉਸ ’ਤੇ ਹੱਥ ਚੁੱਕਦਾ ਦਿਖਾਈ ਦਿੰਦਾ ਹੈ।  ਇਹ ਵੀ ਸਾਹਮਣੇ ਆਇਆ ਹੈ ਕਿ ਉਹ ਡਕਟਰ ਜਲੰਧਰ ਦੇ ਨਿੱਜੀ ਹਸਪਤਾਲ ਵਿਚ ਸੇਵਾਵਾਂ ਦੇ ਰਿਹਾ ਹੈ। ਸਿਹਤ ਮੰਤਰੀ ਨੇ ਇਹ ਵੀ ਦੱਸਿਆ ਕਿ ਉਸ ਡਾਕਟਰ ਦੀ ਪਛਾਣ ਹੋ ਚੁਕੀ ਹੈ। ਜਾਂਚ ਤੋਂ ਬਾਅਦ ਸਖ਼ਤ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਪਹਿਲਾਂ ਇਹ ਦੱਸਿਆ ਜਾ ਰਿਹਾ ਸੀ ਕਿ ਵਾਇਰਲ ਵੀਡੀਓ ਹੁਸ਼ਿਆਰਪੁਰ ਜ਼ਿਲ੍ਹੇ ਦੇ ਦਸੂਹਾ ਦਾ ਹੈ ਪਰ ਬਾਅਦ ਵਿਚ ਇਹ ਪਤਾ ਲੱਗਿਆ ਕਿ ਵੀਡੀਓ ਦਸੂਹਾ ਦਾ ਨਹੀਂ, ਸਗੋਂ ਜਲੰਧਰ ਦੇ ਦਕੋਹਾ ਕਸਬੇ ਦਾ ਹੈ।

Related Articles

Leave a Reply

Your email address will not be published. Required fields are marked *

Back to top button