
ਬਰਨਾਲਾ, 15 ਅਗਸਤ : ਪਿੰਡ ਕਾਲੇਕੇ ਨੇੜੇ ਸੜਕ ’ਤੇ ਇਕ ਵਿਅਕਤੀ ਦੀ ਲਾਸ਼ ਇਕ ਗੱਡੀ ’ਚ ਮਿਲੀ ਹੈ। ਮ੍ਰਿਤਕ ਦੀ ਪਛਾਣ ਕਰਨ ’ਤੇ ਪਤਾ ਲੱਗਾ ਕਿ ਉਹ ਸਤਪਾਲ ਸਿੰਘ (38) ਪੁੱਤਰ ਬਹਾਦਰ ਸਿੰਘ ਵਾਸੀ ਨੇੜਲੇ ਪਿੰਡ ਅਸਪਾਲ ਕਲਾਂ ਸੀ। ਪੁਲਿਸ ਵੱਲੋਂ ਇਸ ਨੂੰ ਖੁਦਕੁਸ਼ੀ ਦਾ ਮਾਮਲਾ ਦੱਸਿਆ ਜਾ ਰਿਹਾ ਹੈ। ਜਦ ਕਿ ਪਰਿਵਾਰ ਦਾ ਕਹਿਣਾ ਹੈ ਕਿ ਉਸ ਦਾ ਕੱਤਲ ਕੀਤਾ ਗਿਆ ਹੈ। ਮੌਕੇ ’ਤੇ ਮੌਜੂਦ ਮ੍ਰਿਤਕ ਦੇ ਭਰਾ ਗੁਰਤੇਜ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਸਤਪਾਲ ਸਿੰਘ, ਜੋ ਕਿ ਆਪਣੀ ਗੱਡੀ ’ਤੇ ਮਾਲ ਦੀ ਢੁਆ-ਢੁਆਈ ਦਾ ਕੰਮ ਕਰਦਾ ਸੀ, ਦਾ ਕੁਝ ਦਿਨ ਪਹਿਲਾਂ ਧਨੌਲਾ ’ਚ ਸਕ੍ਰੈਪ ਦਾ ਕੰਮ ਕਰਨ ਦੇ ਨਾਲ-ਨਾਲ ਵਾਹਨ ਖ਼ਰੀਦਣ ਤੇ ਵੇਚਣ ਵਾਲੇ ਤਿੰਨ ਲੋਕਾਂ ਨਾਲ ਝਗੜਾ ਹੋਇਆ ਸੀ ਤੇ ਦੋ-ਦਿਨ ਪਹਿਲਾਂ ਉਨ੍ਹਾਂ ਨੇ ਧਨੌਲਾ ’ਚ ਸਤਪਾਲ ਸਿੰਘ ਦੀ ਕੁੱਟਮਾਰ ਕੀਤੀ ਸੀ, ਜਿਸਦੀ ਸ਼ਿਕਾਇਤ ਥਾਣਾ ਧਨੌਲਾ ’ਚ ਦਰਜ ਕਰਵਾਈ ਗਈ ਸੀ। ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਲਈ ਕਿਹਾ। ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਇਹ ਖੁਦਕੁਸ਼ੀ ਨਹੀਂ ਹੈ, ਉਸ ਦੇ ਭਰਾ ਦਾ ਕਤਲ ਕੀਤਾ ਗਿਆ ਹੈ। ਧਨੌਲਾ ਪੁਲਿਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।



