ਡਰਾਈਵਰ ਐਸੋਸੀਏਸ਼ਨ ਦੀ ਇਕ ਅਹਿਮ ਮੀਟਿੰਗ, ਹੱਕੀ ਅਤੇ ਜਾਇਜ਼ ਮੰਗਾਂ ਬਾਰੇ ਪ੍ਰਧਾਨ ਮੁੱਖ ਵਣਪਾਲ ਜੀ ਨਾਲ ਵਿਚਾਰਾਂ ਕੀਤੀਆਂ
ਡਰਾਈਵਰ ਐਸੋਸੀਏਸ਼ਨ ਦੀ ਇਕ ਅਹਿਮ ਮੀਟਿੰਗ, ਹੱਕੀ ਅਤੇ ਜਾਇਜ਼ ਮੰਗਾਂ ਬਾਰੇ ਮੁੱਖ ਵਣਪਾਲ ਜੀ ਨਾਲ ਵਿਚਾਰਾਂ ਕੀਤੀਆਂ

ਬਾਲ ਕਿਸ਼ਨ
ਫ਼ਿਰੋਜ਼ਪੁਰ, 26 ਮਾਰਚ- ਪੰਜਾਬ ਵਣ ਵਿਭਾਗ ਡਰਾਈਵਰ ਐਸੋਸੀਏਸ਼ਨ ਦੀ ਇਕ ਅਹਿਮ ਮੀਟਿੰਗ ਸੂਬਾ ਪ੍ਰਧਾਨ ਮਹਿਲ ਸਿੰਘ ਫਿਰੋਜ਼ਪੁਰ ਦੀ ਪ੍ਰਧਾਨਗੀ ਹੇਠ ਮਾਨਯੋਗ ਪ੍ਰਧਾਨ ਮੁੱਖ ਵਣਪਾਲ ਜੀ ਦੀ ਹਾਜ਼ਰੀ ਵਿੱਚ ਵਣ ਭਵਨ ਸੈਕਟਰ 68 ਮੁਹਾਲੀ ਵਿਖੇ ਹੋਈ, ਜਿਸ ਵਿੱਚ ਐਸੋਸੀਏਸ਼ਨ ਦੇ ਆਗੂਆਂ ਨੇ ਆਪਣੀ ਹੱਕੀ ਅਤੇ ਜਾਇਜ਼ ਮੰਗਾਂ ਬਾਰੇ ਪ੍ਰਧਾਨ ਮੁੱਖ ਵਣਪਾਲ ਜੀ ਨਾਲ ਵਿਚਾਰਾਂ ਕੀਤੀਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੂਬਾ ਪ੍ਰਧਾਨ ਮਹਿਲ ਸਿੰਘ ਨੇ ਦੱਸਿਆ ਕਿ ਮਾਣਯੋਗ ਪ੍ਰਧਾਨ ਮੁੱਖ ਵਣਪਾਲ ਜੀ ਨੂੰ ਵਿਭਾਗ ਦੇ ਡਰਾਈਵਰਾਂ ਦੀਆਂ ਸਮੱਸਿਆ ਸਬੰਧੀ ਦੱਸਦੇ ਹੋਏ ਕਿਹਾ ਕਿ ਵਣ ਵਿਭਾਗ ਵਿੱਚ ਬਹੁਤ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਡਰਾਈਵਰਾਂ ਨੂੰ ਸੀਨੀਅਰਤਾ ਸੂਚੀ ਅਨੁਸਾਰ ਰੈਗੂਲਰ ਕਰਨ ਸਬੰਧੀ ਕਾਰਵਾਈ ਆਰੰਭੀ ਜਾਵੇ, ਕਿਉਂਕਿ ਅਜੋਕੇ ਮਹਿੰਗਾਈ ਦੇ ਸਮੇਂ ਵਿਚ ਇੰਨ੍ਹੀ ਥੋੜ੍ਹੀ ਤਨਖ਼ਾਹ ਨਾਲ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੈ। ਇਸ ਤੋਂ ਇਲਾਵਾ ਡਰਾਈਵਰਾਂ ਦੀ ਡਿਊਟੀ 24 ਘੰਟੇ ਦੀ ਹੁੰਦੀ ਹੈ ਤੇ ਉਸ ਨੂੰ ਫੀਲਡ ਦੇ ਟੂਰਾਂ ਲੋਕਲ ਟੂਰਾਂ ਤੋਂ ਇਲਾਵਾ ਉੱਚ ਅਧਿਕਾਰੀਆਂ ਦੀਆਂ ਮੀਟਿੰਗਾਂ ਸਮੇਂ ਮੌਕੇ ਦੇ ਅਧਿਕਾਰੀਆਂ ਨਾਲ ਆਪਣੇ ਕੰਮ ਵਾਲੇ ਸਥਾਨ ਤੋਂ ਦੂਜਿਆਂ ਜ਼ਿਲਿ੍ਹਆਂ ਅਤੇ ਚੰਡੀਗੜ੍ਹ ਵਿਖੇ ਵੀ ਜਾਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਕਈ ਵਾਰ ਬਹੁਤੇ ਲੰਮੇ ਸਮੇਂ ਤੱਕ ਟੂਰ ’ਤੇ ਹੋਣ ਕਰਕੇ ਉਹ ਆਪਣੇ ਕੰਮ ਵਾਲੇ ਸਥਾਨ ਤੋਂ ਆਪਣੇ ਘਰ ਵੀ ਨਹੀਂ ਜਾ ਸਕਦੇ। ਇਸ ਲਈ ਉਸ ਦੇ ਕੰਮ ਦੇ ਸਥਾਨ ’ਤੇ ਉਸ ਦੇ ਰਹਿਣਯੋਗ ਕੁਆਰਟਰ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਵਣ ਵਿਭਾਗ ਦਾ ਕੰਮ ਜ਼ਰੂਰੀ ਸੇਵਾਵਾਂ ਵਿਚ ਆਉਂਦਾ ਹੈ ਅਤੇ ਰੁੱਖਾਂ ਦੀ ਰਾਖੀ ਸਰਕਾਰੀ ਜ਼ਮੀਨਾਂ ਦੀ ਰਾਖੀ ਅਤੇ ਜੰਗਲੀ ਜੀਵਾਂ ਦੀ ਰਾਖੀ ਲਈ ਹਰ ਵੇਲੇ ਰਹਿਣਾ ਪੈਂਦਾ ਹੈ ਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਅਤੇ ਉੱਚ ਅਧਿਕਾਰੀਆਂ ਦੀਆਂ ਮੀਟਿੰਗਾਂ ਅਤੇ ਟੂਰ ਕਰਾਉਣੇ ਹੁੰਦੇ ਹਨ, ਇਸ ਲਈ ਸਰਕਾਰੀ ਗੱਡੀਆਂ ਦੀ ਸਾਂਭ–ਸੰਭਾਲ ਲਈ ਸਮੇਂ–ਸਮੇਂ ’ਤੇ ਬਜਟ ਦਾ ਐਲਾਨ ਕੀਤਾ ਜਾਣਾ ਚਾਹੀਦਾ, ਸਰਕਾਰੀ ਗੱਡੀਆਂ ਅਤੇ ਡਰਾਈਵਰਾਂ ਦਾ ਸਰਕਾਰੀ ਤੌਰ ’ਤੇ ਬੀਮਾ ਹੋਣਾ ਚਾਹੀਦਾ ਹੈ ਅਤੇ ਐਕਸੀਡੈਂਟ ਦੌਰਾਨ ਜ਼ਖ਼ਮੀਂ ਹੋਣ ’ਤੇ ਸਰਕਾਰੀ ਤੌਰ ’ਤੇ ਇਲਾਜ ਜਾਂ ਮੌਤ ਦੀ ਸੂਰਤ ਵਿੱਚ ਪਰਿਵਾਰਿਕ ਮੈਂਬਰਾਂ ਨੂੰ ਨੌਕਰੀ ਦੇਣਾ ਯਕੀਨੀ ਬਣਾਇਆ ਜਾਵੇ, ਵਿਭਾਗ ਵਿੱਚ ਕੰਮ ਕਰਦੇ ਡਰਾਈਵਰਾਂ ਦੀ ਤਨਖ਼ਾਹ ਬਹੁਤ ਘੱਟ ਹੈ, ਇਸ ਲਈ ਘਰ ਦਾ ਗੁਜ਼ਾਰਾ ਚਲਾਉਣਾ ਲਈ ਹਰ ਮਹੀਨੇ ਦੀ ਸੱਤ ਤਰੀਕ ਤੱਕ ਤਨਖਾਹ ਮਿਲਣੀ ਚਾਹੀਦੀ ਹੈ, ਵਣ ਵਿਭਾਗ ਇਕ ਪੈਰਾ ਮਿਲਟਰੀ ਵਿਭਾਗ ਹੈ ਅਤੇ ਰਾਤ–ਬਰਾਤੇ ਦੂਰ–ਦੁਰਾਡੇ ਡਰਾਈਵਰਾਂ ਨੂੰ ਉੱਚ ਅਧਿਕਾਰੀਆਂ ਨਾਲ ਟੂਰ ’ਤੇ ਜਾਣਾ ਪੈਂਦਾ ਹੈ ਅਤੇ ਕਈ ਵਾਰ ਰਾਤ ਡਿਊਟੀ ’ਤੇ ਫਾਰਗ ਹੋਣ ’ਤੇ ਉਸ ਨੂੰ ਪੁਲਿਸ ਮੁਲਾਜ਼ਮਾਂ ਵੱਲੋਂ ਰੋਕ ਕੇ ਸ਼ਨਾਖਤੀ ਕਾਰਡ ਦੀ ਮੰਗ ਕੀਤੀ ਜਾਂਦੀ ਹੈ, ਇਸ ਲਈ ਸਰਕਾਰੀ ਗੱਡੀ ’ਤੇ ਤੈਨਾਤ ਡਰਾਈਵਰ ਨੂੰ ਮਿਆਰੀ ਵਰਦੀ ਦੇਣ ਦੇ ਨਾਲ–ਨਾਲ ਸ਼ਨਾਖਤੀ ਕਾਰਡ ਵੀ ਜਾਰੀ ਕੀਤਾ ਜਾਵੇ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। ਇਸ ਮੋਕੇ ਮਹਿਲ ਸਿੰਘ ਪ੍ਰਧਾਨ, ਮਨਜੀਤ ਸਿੰਘ ਸੂਬਾ ਖਜਾਨਚੀ ,ਪੂਰਨ ਸਿੰਘ ਸੂਬਾ ਸਕੱਤਰ, ਕੁਲਦੀਪ ਸਿੰਘ ਮੀਤ ਪ੍ਰਧਾਨ, ਪ੍ਰਕਾਸ਼ ਸਿੰਘ ਰਾਜਾ ਰਾਮ, ਲਖਵੀਰ ਸਿੰਘ ਸੌਦਾਗਰ, ਬਲਦੀਸ਼ ਸਿੰਘ, ਸ਼ਮਸ਼ੇਰ ਸਿੰਘ, ਰਾਕੇਸ਼ ਕੁਮਾਰ, ਮਹੇਸ਼ ਮਲਹੋਤਰਾ, ਇਕਬਾਲ ਸਿੰਘ, ਰਵਿੰਦਰ ਸਿੰਘ, ਗੁਰਵਿੰਦਰ ਸਿੰਘ, ਲਵਪ੍ਰੀਤ, ਲਖਬੀਰ ਸਿੰਘ, ਦਰਸ਼ਨ ਸਿੰਘ, ਨਰਿੰਦਰ ਸਿੰਘ, ਦਵਿੰਦਰ ਬੁਹ, ਸਤਨਾਮ ਸਿੰਘ, ਰਾਜਿੰਦਰ ਸਿੰਘ ਬੰਟੀ, ਵਿਨੋਦ ਕੁਮਾਰ, ਤਲਵਿੰਦਰ ਸਿੰਘ ਤੇ ਹੋਰ ਸਾਥੀ ਮੀਟਿੰਗ ਵਿਚ ਹਾਜ਼ਿਰ ਹੋਏ।



