Punjab

ਠੰਢ ਦੇ ਚਲਦੇ ਸਕੂਲਾਂ ਦਾ ਬਦਲਿਆ ਸਮਾਂ, ਨੋਟੀਫਿਕੇਸ਼ਨ ਜਾਰੀ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 4 ਜਨਵਰੀ : ਸ਼ਹਿਰ ਵਿਚ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਦੀ ਸੰਭਾਵਨਾ ਨੂੰ ਦੇਖਦੇ ਹੋਏ ਚੰਡੀਗੜ੍ਹ ਸਿੱਖਿਆ ਵਿਭਾਗ ਨੇ ਸਾਰੇ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਨਿੱਜੀ ਸਕੂਲਾਂ ਦੇ ਸਮੇਂ ਵਿਚ ਤਬਦੀਲੀ ਕਰ ਦਿੱਤੀ ਹੈ। ਸਿੱਖਿਆ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਇਹ ਹੁਕਮ 10 ਜਨਵਰੀ ਤੱਕ ਲਾਗੂ ਰਹੇਗਾ। ਹੁਕਮਾਂ ਅਨੁਸਾਰ ਕਲਾਸ ਅੱਠਵੀਂ ਤੱਕ ਅਤੇ ਨਾਨ-ਬੋਰਡ ਕਲਾਸਾਂ, ਅਰਥਾਤ ਕਲਾਸ 9ਵੀਂ ਅਤੇ 11ਵੀਂ ਦੇ ਵਿਦਿਆਰਥੀਆਂ ਲਈ ਸਕੂਲ ਫਿਜ਼ੀਕਲ ਮੋਡ ਵਿਚ ਬੰਦ ਰਹਿਣਗੇ। ਹਾਲਾਂਕਿ, ਸਕੂਲ ਇਨ੍ਹਾਂ ਕਲਾਸਾਂ ਲਈ ਸਵੇਰੇ 9 ਵਜੇ ਤੋਂ ਆਨਲਾਈਨ ਕਲਾਸਾਂ ਚਲਾ ਸਕਦੇ ਹਨ। ਸਕੂਲ ਸਟਾਫ਼ ਦੀ ਡਿਊਟੀ ਵੀ ਆਨਲਾਈਨ ਕਲਾਸਾਂ ਦੇ ਅਨੁਸਾਰ ਤੈਅ ਕੀਤੀ ਜਾ ਸਕੇਗੀ। ਸਿੱਖਿਆ ਵਿਭਾਗ ਨੇ ਬੋਰਡ ਕਲਾਸਾਂ, ਯਾਨੀ ਕਲਾਸ 10ਵੀਂ ਅਤੇ 12ਵੀਂ ਲਈ ਵੀ ਸਕੂਲ ਸਮੇਂ ਵਿਚ ਤਬਦੀਲੀ ਕੀਤੀ ਹੈ। ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਨ੍ਹਾਂ ਕਲਾਸਾਂ ਲਈ ਸਕੂਲ ਸਵੇਰੇ 9:30 ਵਜੇ ਤੋਂ ਪਹਿਲਾਂ ਨਹੀਂ ਖੁੱਲਣਗੇ ਅਤੇ ਦੁਪਹਿਰ 3:30 ਵਜੇ ਤੋਂ ਪਹਿਲਾਂ ਬੰਦ ਨਹੀਂ ਹੋਣਗੇ। ਸਕੂਲ ਪ੍ਰਬੰਧਨ ਨੂੰ ਸਟਾਫ਼ ਦੀ ਡਿਊਟੀ ਵੀ ਇਸੇ ਸਮੇਂ ਅਨੁਸਾਰ ਤੈਅ ਕਰਨ ਦੇ ਹੁਕਮ ਦਿੱਤੇ ਗਏ ਹਨ, ਤਾਂ ਜੋ ਪ੍ਰੀ-ਬੋਰਡ ਪ੍ਰੀਖਿਆਵਾਂ ਅਤੇ ਹੋਰ ਸਿੱਖਿਅਕ ਗਤੀਵਿਧੀਆਂ ਵਿਚ ਕੋਈ ਰੁਕਾਵਟ ਨਾ ਆਵੇ।

ਡਬਲ ਸ਼ਿਫ਼ਟ ਸਕੂਲਾਂ ਨੂੰ ਛੋਟ

ਡਬਲ ਸ਼ਿਫ਼ਟ ਵਿਚ ਚੱਲ ਰਹੇ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਮੁਖੀਆਂ ਨੂੰ ਇਹ ਛੋਟ ਦਿੱਤੀ ਗਈ ਹੈ ਕਿ ਉਹ ਸ਼ਾਮ ਦੀ ਸ਼ਿਫ਼ਟ ਦੇ ਸਟਾਫ਼ ਨੂੰ ਸਵੇਰ ਦੀ ਸ਼ਿਫ਼ਟ ਵਿਚ ਬੁਲਾ ਸਕਦੇ ਹਨ। ਸਿੱਖਿਆ ਵਿਭਾਗ ਨੇ ਸਪਸ਼ਟ ਕੀਤਾ ਹੈ ਕਿ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਸਕੂਲਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਵਿਭਾਗ ਨੇ ਮਾਪਿਆਂ ਅਤੇ ਸਕੂਲ ਪ੍ਰਬੰਧਨ ਨੂੰ ਬੱਚਿਆਂ ਦੀ ਸੁਰੱਖਿਆ ਨੂੰ ਪਹਿਲ ਦਿੰਦੇ ਹੋਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।

Related Articles

Leave a Reply

Your email address will not be published. Required fields are marked *

Back to top button