Punjab

ਚੰਡੀਗੜ੍ਹ ’ਚ ਵਧ ਰਿਹਾ ਟੀਬੀ ਦਾ ਖ਼ਤਰਾ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 4 ਜਨਵਰੀ: ਉੱਤਰੀ ਭਾਰਤ ਵਿੱਚ ਸਭ ਤੋਂ ਬਿਹਤਰ ਸਿਹਤ ਸਹੂਲਤਾਂ ਵਾਲੇ ਸ਼ਹਿਰ ਵਜੋਂ ਜਾਣੇ ਜਾਂਦੇ ਚੰਡੀਗੜ੍ਹ ਵਿੱਚ ਟੀਬੀ (TB) ਦਾ ਖ਼ਤਰਾ ਤੇਜ਼ੀ ਨਾਲ ਵੱਧ ਰਿਹਾ ਹੈ। ਇਹ ਬਿਮਾਰੀ ਹਰ ਰੋਜ਼ ਔਸਤਨ 19 ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੀ ਹੈ ਅਤੇ ਸ਼ਹਿਰ ਵਿੱਚ ਹਰ 208ਵਾਂ ਵਿਅਕਤੀ ਟੀਬੀ ਨਾਲ ਜੂਝ ਰਿਹਾ ਹੈ। ਇਹ ਹੈਰਾਨੀਜਨਕ ਦਾਅਵਾ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਰਾਜ ਸਭਾ ਵਿੱਚ ਪੇਸ਼ ਕੀਤੀ ਗਈ ਇੱਕ ਰਿਪੋਰਟ ਦੇ ਆਧਾਰ ‘ਤੇ ਕੀਤਾ ਜਾ ਰਿਹਾ ਹੈ। ਰਾਜ ਸਭਾ ਵਿੱਚ ਪੇਸ਼ ਰਿਪੋਰਟ ਅਨੁਸਾਰ, ਸਾਲ 2025 ਵਿੱਚ ਅਕਤੂਬਰ ਤੱਕ ਚੰਡੀਗੜ੍ਹ ਵਿੱਚ 5,765 ਮਰੀਜ਼ ਸਾਹਮਣੇ ਆ ਚੁੱਕੇ ਹਨ। ਇਹ ਸਥਿਤੀ ਉਦੋਂ ਹੈ, ਜਦੋਂ ਚੰਡੀਗੜ੍ਹ ਨੂੰ ਦੇਸ਼ ਦੀ ‘ਮਾਡਲ ਹੈਲਥ ਸਿਟੀ’ ਵਜੋਂ ਪ੍ਰਚਾਰਿਆ ਜਾਂਦਾ ਰਿਹਾ ਹੈ ਅਤੇ ਇੱਥੇ ਪੀਜੀਆਈ (PGI), ਜੀਐਮਸੀਐਚ-32 (GMCH-32) ਅਤੇ ਸੈਕਟਰ-16 (GMSH-16) ਵਰਗੇ ਵੱਡੇ ਮੈਡੀਕਲ ਸੰਸਥਾਨ ਮੌਜੂਦ ਹਨ।

60 ਸਾਲ ਤੋਂ ਵੱਧ ਉਮਰ ਦੇ ਲੋਕਾਂ ’ਚ ਸਭ ਤੋਂ ਵੱਧ ਖ਼ਤਰਾ

ਕੇਂਦਰ ਸਰਕਾਰ ਦੇ ਨਿਰਦੇਸ਼ਾਂ ‘ਤੇ ਪਿਛਲੇ ਸਾਲ ਚਲਾਈ ਗਈ 100 ਦਿਨਾਂ ਦੀ ਟੀਬੀ ਖ਼ਤਮ ਕਰਨ ਦੀ ਮੁਹਿੰਮ ਵੀ ਇਸ ਦੀ ਰਫ਼ਤਾਰ ਨੂੰ ਰੋਕਣ ਵਿੱਚ ਨਾਕਾਮ ਰਹੀ ਹੈ। ਸਿਹਤ ਮਾਹਿਰਾਂ ਅਨੁਸਾਰ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਟੀਬੀ ਦਾ ਖ਼ਤਰਾ ਸਭ ਤੋਂ ਜ਼ਿਆਦਾ ਹੈ। ਇਸ ਤੋਂ ਇਲਾਵਾ 46 ਤੋਂ 60 ਸਾਲ ਦੇ ਉਮਰ ਵਰਗ ਵਿੱਚ ਵੀ ਇਨਫੈਕਸ਼ਨ ਤੇਜ਼ੀ ਨਾਲ ਵਧ ਰਹੀ ਹੈ। ਇਸ ਦੇ ਇਲਾਵਾ 0 ਤੋਂ 14 ਸਾਲ ਦੇ ਲਗਪਗ 3.2 ਪ੍ਰਤੀਸ਼ਤ ਬੱਚੇ ਵੀ ਟੀਬੀ ਦੀ ਲਪੇਟ ਵਿੱਚ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ।

ਖੰਘ, ਬਲਗ਼ਮ ’ਚ ਖੂਨ ਤੇ ਛਾਤੀ ’ਚ ਦਰਦ ਤਾਂ ਹੋ ਜਾਓ ਸਾਵਧਾਨ

ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਲੋਕ ਅਕਸਰ ਟੀਬੀ ਦੇ ਸ਼ੁਰੂਆਤੀ ਲੱਛਣਾਂ ਨੂੰ ਆਮ ਮੌਸਮੀ ਬਿਮਾਰੀ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ। ਇਹੀ ਲਾਪਰਵਾਹੀ ਬਿਮਾਰੀ ਨੂੰ ਸਰੀਰ ਵਿੱਚ ਫੈਲਣ ਦਾ ਮੌਕਾ ਦਿੰਦੀ ਹੈ। ਜਦੋਂ ਜਾਂਚ ਵਿੱਚ ਦੇਰੀ ਹੁੰਦੀ ਹੈ, ਤਾਂ ਇਨਫੈਕਸ਼ਨ ਫੇਫੜਿਆਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਉਂਦੀ ਹੈ ਅਤੇ ਇਲਾਜ ਦੀ ਪ੍ਰਕਿਰਿਆ ਗੁੰਝਲਦਾਰ ਹੋ ਜਾਂਦੀ ਹੈ।

Related Articles

Leave a Reply

Your email address will not be published. Required fields are marked *

Back to top button