Punjab

ਟ੍ਰਾਈਸਿਟੀ ’ਚ ਮੁੜ ਗੈਂਗਵਾਰ ਦਾ ਖ਼ਤਰਾ, ਲਾਰੈਂਸ ਬਿਸ਼ਨੋਈ ਗੈਂਗ ’ਚ ਪਾੜ ਪੈਣ ਨਾਲ ਸਥਿਤੀ ਬਣੀ ਤਣਾਅਪੂਰਨ

ਐੱਸਏਐੱਸ ਨਗਰ , 10 ਜੂਨ : ਟ੍ਰਾਈਸਿਟੀ (ਚੰਡੀਗੜ੍ਹ, ਮੁਹਾਲੀ ਤੇ ਪੰਚਕੂਲਾ) ’ਚ ਇਕ ਵਾਰ ਫਿਰ ਗੈਂਗਵਾਰ ਦਾ ਖ਼ਤਰਾ ਡੂੰਘਾ ਹੋ ਗਿਆ ਹੈ। ਲਾਰੈਂਸ ਬਿਸ਼ਨੋਈ ਗੈਂਗ ਵਿੱਚ ਅੰਦਰੂਨੀ ਪਾੜ ਪੈਣ ਤੋਂ ਬਾਅਦ ਹਾਲਾਤ ਹੋਰ ਵਿਗੜਦੇ ਜਾ ਰਹੇ ਹਨ। ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦੋਵਾਂ ਦਾ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਤੇ ਮੁਹਾਲੀ ਨਾਲ ਡੂੰਘਾ ਸਬੰਧ ਰਿਹਾ ਹੈ। ਉਨ੍ਹਾਂ ਦੇ ਕਈ ਸਾਥੀ ਇਨ੍ਹਾਂ ਇਲਾਕਿਆਂ ’ਚ ਸਰਗਰਮ ਹਨ ਤੇ ਹੁਣ ਇਕ-ਦੂਜੇ ’ਤੇ ਆਪਣਾ ਦਬਦਬਾ ਕਾਇਮ ਕਰਨ ਲਈ ਭਿੜ ਸਕਦੇ ਹਨ। ਹਾਲਾਤ ਉਦੋਂ ਹੋਰ ਗੰਭੀਰ ਹੋ ਗਏ ਜਦੋਂ ਭੂਪੀ ਰਾਣਾ ਗੈਂਗ ਨੇ ਵੀ ਆਪਣੀ ਸਰਗਰਮੀ ਵਧਾਉਣੀ ਸ਼ੁਰੂ ਕਰ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਗੈਂਗ ਲਾਰੈਂਸ-ਗੋਲਡੀ ਦੀ ਲੜਾਈ ਦਾ ਫ਼ਾਇਦਾ ਚੁੱਕ ਕੇ ਟ੍ਰਾਈਸਿਟੀ ’ਚ ਆਪਣਾ ਦਬਦਬਾ ਕਾਇਮ ਕਰਨਾ ਚਾਹੁੰਦਾ ਹੈ। ਇਸ ਗੈਂਗਵਾਰ ਦੀ ਝਲਕ ਹਾਲ ਹੀ ’ਚ ਪੰਚਕੂਲਾ ’ਚ ਦੇਖਣ ਨੂੰ ਮਿਲੀ ਜਦੋਂ ਭੂਪੀ ਰਾਣਾ ਦੇ ਕਰੀਬੀ ਸੋਨੂੰ ਨੌਲਟਾ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਮੁਤਾਬਕ ਇਸ ਹੱਤਿਆ ਨੂੰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦੇ ਕਹਿਣ ’ਤੇ ਅੰਜਾਮ ਦਿੱਤਾ ਗਿਆ। ਇੱਧਰ ਗੋਲਡੀ ਬਰਾੜ ਵੀ ਆਪਣੇ ਭਰਾ ਗੁਰਲਾਲ ਬਰਾੜ ਦੀ ਚੰਡੀਗੜ੍ਹ ’ਚ ਹੋਈ ਹੱਤਿਆ ਦਾ ਬਦਲਾ ਲੈਣ ਦੀ ਝਾਕ ’ਚ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਉਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦਾ ਹੈ। ਪੁਲਿਸ ਤੇ ਖ਼ੁਫ਼ੀਆ ਏਜੰਸੀਆਂ ਟ੍ਰਾਈਸਿਟੀ ’ਚ ਸਥਿਤੀ ’ਤੇ ਨਜ਼ਰ ਬਣਾਏ ਹੋਏ ਹਨ ਤੇ ਸੰਭਾਵਿਤ ਹਮਲਿਆਂ ਨੂੰ ਰੋਕਣ ਲਈ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ।

Related Articles

Leave a Reply

Your email address will not be published. Required fields are marked *

Back to top button