
ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 17 ਜੂਨ : ਗੈਂਗਸਟਰ ਤੋਂ ਅੱਤਵਾਦੀ ਬਣੇ ਗੋਲਡੀ ਬਰਾੜ (Goldy Brar) ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ (Lawrence Bishnoi) ਦੀ ਦੋਸਤੀ 15 ਸਾਲਾਂ ਬਾਅਦ ਟੁੱਟ ਗਈ ਹੈ। 2011 ‘ਚ ਪੰਜਾਬ ਯੂਨੀਵਰਸਿਟੀ (Punjab University) ‘ਚ ਵਿਦਿਆਰਥੀ ਰਾਜਨੀਤੀ ਤੋਂ ਸ਼ੁਰੂ ਹੋਈ ਇਸ ਦੋਸਤੀ ਵਿਚ ਦਰਾਰ ਦਾ ਕਾਰਨ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦੀ ਗ੍ਰਿਫਤਾਰੀ ਹੈ। ਦੋਵੇਂ 2011 ਦੇ ਆਸ-ਪਾਸ ਇਕੱਠੇ ਹੋਏ, ਜਦੋਂ ਬਿਸ਼ਨੋਈ ਪੰਜਾਬ ਯੂਨੀਵਰਸਿਟੀ ਵਿਚ ਪੜ੍ਹਾਈ ਕਰ ਰਿਹਾ ਸੀ। ਇਸ ਤੋਂ ਬਾਅਦ ਹੀ ਦੋਵਾਂ ਨੇ ਅਪਰਾਧ ਅਤੇ ਹਿੰਸਾ ਦੀ ਦੁਨੀਆ ਵਿਚ ਕਦਮ ਰੱਖਿਆ ਸੀ। ਬਰਾਖ ਤੇ ਬਿਸ਼ਨੋਈ ਅੰਤਰਰਾਸ਼ਟਰੀ ਪੱਧਰ ‘ਤੇ ਜਬਰਨ ਵਸੂਲੀ, ਹੱਤਿਆ, ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਵਰਗੇ ਅਪਰਾਧਕ ਸਾਮਰਾਜ ਚਲਾ ਰਹੇ ਸਨ। ਦੋਹਾਂ ਦੇ ਵੱਖਰੇ ਹੋਣ ਨਾਲ ਗੈਂਗਵਾਰ ਦਾ ਖਦਸ਼ਾ ਵਧਣ ਕਾਰਨ ਸੁਰੱਖਿਆ ਏਜੰਸੀਆਂ ਵੀ ਚੌਕਸ ਹੋ ਗਈਆਂ ਹਨ। ਜਾਣਕਾਰੀ ਅਨੁਸਾਰ, ਲਾਰੈਂਸ ਬਿਸ਼ਨੋਈ ਇਸ ਸਮੇਂ ਗੁਜਰਾਤ ਦੀ ਜੇਲ੍ਹ ਵਿਚ ਬੰਦ ਹੈ, ਜਦੋਂਕਿ ਗੋਲਡੀ ਬਰਾੜ ਅਮਰੀਕਾ ਵਿਚ ਰਹਿ ਕੇ ਪੰਜਾਬ ਸਮੇਤ ਹੋਰ ਸੂਬਿਆਂ ‘ਚ ਆਤੰਕੀ ਘਟਨਾਵਾਂ ਨੂੰ ਅੰਜਾਮ ਦੇ ਰਿਹਾ ਹੈ। ਬਿਸ਼ਨੋਈ-ਬਰਾੜ ਦੀ ਜੋੜੀ ਪਿਛਲੇ ਇਕ ਦਹਾਕੇ ਵਿਚ ਕਈ ਹਾਈ-ਪ੍ਰੋਫਾਈਲ ਹੱਤਿਆਵਾਂ ਨੂੰ ਅੰਜਾਮ ਦੇ ਚੁੱਕੀ ਹੈ। ਅਕਤੂਬਰ 2024 ਵਿਚ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਤੇ ਐਨਸੀਪੀ ਆਗੂ ਬਾਬਾ ਸਿੱਦੀਕੀ ਅਤੇ ਦਸੰਬਰ 2023 ਵਿਚ ਕਰਨੀ ਸੈਨਾ ਦੇ ਮੁਖੀ ਸੁਖਦੇਵ ਗੋਗਾਮੇੜੀ ਦੀ ਹੱਤਿਆ ਵਿਚ ਦੋਵੇਂ ਸ਼ਾਮਲ ਰਹੇ ਹਨ। ਇਸ ਤੋਂ ਇਲਾਵਾ, ਮਈ 2022 ਵਿਚ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦਾ ਦੋਸ਼ ਵੀ ਇਸੇ ਜੋੜੀ ‘ਤੇ ਲੱਗਿਆ ਸੀ। ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਗੋਲਡੀ ਬਰਾਡ ਨੇ ਬੀਬੀਸੀ ਨੂੰ ਦਿੱਤੇ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਉਸਦੇ ਘੁਮੰਡ ਵਿਚ ਕੀਤੀਆਂ ਗਲਤੀਆਂ ਨੂੰ ਮਾਫ ਨਹੀਂ ਕੀਤਾ ਜਾ ਸਕਦਾ ਸੀ। ਸਾਡੇ ਕੋਲ ਉਸਨੂੰ ਮਾਰਨ ਤੋਂ ਇਲਾਵਾ ਕੋਈ ਰਸਤਾ ਨਹੀਂ ਸੀ। ਗੱਲ ਇੰਨੀ ਹੀ ਹੈ।
ਸਲਮਾਨ ਖਾਨ ‘ਤੇ ਹਮਲੇ ਦੀ ਸਾਜ਼ਿਸ਼ ਵੀ ਇਨ੍ਹਾਂ ਨਾਲ ਜੁੜੀ
ਬਾਬਾ ਸਿੱਦੀਕੀ ਦੀ ਹੱਤਿਆ ਦਾ ਦਾਅਵਾ ਲਾਰੈਂਸ ਬਿਸ਼ਨੋਈ ਗੈਂਗ ਨੇ ਕੀਤਾ ਸੀ। ਸਿੱਦੀਕੀ ‘ਤੇ ਦੋਸ਼ ਸੀ ਕਿ ਉਹ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦਾ ਸਮਰਥਨ ਕਰ ਰਹੇ ਸਨ ਜੋ ਕਿ 1998 ਦੇ ਕਾਲਾ ਹਿਰਨ ਸ਼ਿਕਾਰ ਮਾਮਲੇ ਵਿਚ ਬਿਸ਼ਨੋਈ ਗੈਂਗ ਦੇ ਨਿਸ਼ਾਨੇ ‘ਤੇ ਹਨ। ਅਪ੍ਰੈਲ 2024 ਵਿਚ ਬਿਸ਼ਨੋਈ ਗੈਂਗ ਦੇ ਮੈਂਬਰਾਂ ਨੇ ਸਲਮਾਨ ਖਾਨ ਦੇ ਮੁੰਬਈ ਸਥਿਤ ਘਰ ਦੇ ਬਾਹਰ ਫਾਇਰਿੰਗ ਕੀਤੀ ਸੀ। ਸਲਮਾਨ ਉਸ ਸਮੇਂ ਘਰ ਵਿਚ ਹੀ ਸਨ। ਹਮਲਾਵਰ ਬਾਅਦ ਵਿਚ ਗੁਜਰਾਤ ਤੋਂ ਗ੍ਰਿਫ਼ਤਾਰ ਹੋਏ। ਸਤੰਬਰ 2023 ਵਿਚ ਹੋਈ ਖਾਲਿਸਤਾਨ ਸਮਰਥਕ ਸੁਖਦੂਲ ਸਿੰਘ ਉਰਫ ਸੁੱਖਾ ਦੁਨੇਕੇ ਦੀ ਹੱਤਿਆ ਦੀ ਜ਼ਿੰਮੇਵਾਰੀ ਵੀ ਇਸੇ ਗੈਂਗ ਨੇ ਲਈ ਸੀ। ਸੁੱਖਾ ਐਨਆਈਏ ਨੂੰ ਲੰਬੇ ਸਮੇਂ ਤੋਂ ਲੋੜੀਂਦਾ ਸੀ। ਸਭ ਤੋਂ ਵੱਧ ਵਿਵਾਦਤ ਹੱਤਿਆ ਕੈਨੇਡਾ ਵਿਚ ਰਹਿਣ ਵਾਲੇ ਖਾਲਿਸਤਾਨ ਸਮਰਥਕ ਹਰਦੀਪ ਸਿੰਘ ਨਿੱਝਰ ਦੀ ਸੀ, ਜੋ ਜੂਨ 2023 ਵਿਚ ਮਾਰਿਆ ਗਿਆ। ਨਿੱਝਰ ਦੀ ਮੌਤ ਤੋਂ ਬਾਅਦ ਭਾਰਤ ਅਤੇ ਕੈਨੇਡਾ ਵਿਚਕਾਰ ਵੱਡਾ ਕੂਟਨੀਤਕ ਵਿਵਾਦ ਖੜ੍ਹਾ ਹੋ ਗਿਆ ਸੀ। ਕੈਨੇਡਾ ਨੇ ਬਿਨਾਂ ਕਿਸੇ ਠੋਸ ਸਬੂਤ ਦੇ ਭਾਰਤ ਸਰਕਾਰ ਦੇ ਏਜੰਟਾਂ ‘ਤੇ ਹੱਤਿਆ ਵਿਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਸੀ।
ਦਰਾਰ ਦਾ ਕਾਰਨ : ਭਰਾ ਅਨਮੋਲ ਦੀ ਗ੍ਰਿਫਤਾਰੀ
ਸੂਤਰਾਂ ਅਨੁਸਾਰ, ਬਿਸ਼ਨੋਈ ਅਤੇ ਬਰਾੜ ਵਿਚਕਾਰ ਦਰਾਰ ਦੀ ਪੁਸ਼ਟੀ ਦੋਹਾਂ ਦੇ ਨੇੜਲਿਆਂ ਤੋਂ ਪੁੱਛਗਿੱਛ ਦੌਰਾਨ ਹੋਈ। ਇਸ ਸਮੇਂ ਲਾਰੈਂਸ ਬਿਸ਼ਨੋਈ ਅਹਿਮਦਾਬਾਦ ਦੀ ਸਾਬਰਮਤੀ ਜੇਲ੍ਹ ਵਿਚ ਬੰਦ ਹੈ, ਜਦੋਂਕਿ ਗੋਲਡੀ ਬਰਾਡ 2017 ਤੋਂ ਅਮਰੀਕਾ ਵਿਚ ਰਹਿ ਕੇ ਉੱਥੋਂ ਹੀ ਆਪਣਾ ਗੈਂਗ ਚਲਾ ਰਿਹਾ ਹੈ। ਇਹ ਦਰਾਰ ਕਾਫੀ ਸਮੇਂ ਤੋਂ ਬਣ ਰਹੀ ਸੀ, ਪਰ ਨਵੰਬਰ 2024 ਵਿਚ ਅਮਰੀਕਾ ਦੇ ਕੈਲੀਫੋਰਨੀਆ ਵਿਚ ਲਾਰੈਂਸ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਖੁੱਲ੍ਹ ਕੇ ਸਾਹਮਣੇ ਆਈ। ਅਨਮੋਲ ਨੂੰ ਗ਼ੈਰ ਕਾਨੂੰਨੀ ਤੌਰ ‘ਤੇ ਅਮਰੀਕਾ ਵਿਚ ਦਾਖਲ ਹੋਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਅਨਮੋਲ ਬਿਸ਼ਨੋਈ ਵੀ ਕਈ ਹਾਈ-ਪ੍ਰੋਫਾਈਲ ਮਾਮਲਿਆਂ ਵਿਚ ਲੋੜੀਂਦਾ ਹੈ, ਜਿਨ੍ਹਾਂ ਵਿਚ ਬਾਬਾ ਸਿੱਦੀਕੀ ਦੀ ਹੱਤਿਆ ਵੀ ਸ਼ਾਮਲ ਹੈ। ਹੁਣ ਉਸਦੀ ਹਵਾਲਗੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਅਨਮੋਲ ਨੇ ਅਮਰੀਕਾ ਵਿਚ ਸਿਆਸੀ ਪਨਾਹ (ਪਾਲਿਟਿਕਲ ਅਸਾਈਲਮ) ਲਈ ਅਰਜ਼ੀ ਦਿੱਤੀ ਹੈ।



