
ਮੁਕੇਰੀਆਂ, 7 ਜੁਲਾਈ : ਮੁਕੇਰੀਆਂ ਸ਼ਹਿਰ ’ਚ ਅੱਜ ਸਵੇਰੇ ਟਰੱਕ ਯੂਨੀਅਨ ਦੀ ਜਾਇਦਾਦ ’ਤੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਵਿਚ ਭਿਆਨਕ ਝਗੜਾ ਹੋ ਗਿਆ। ਝਗੜੇ ਦੌਰਾਨ ਚੱਲੇ ਇੱਟਾਂ ਰੋੜਿਆਂ ਦੌਰਾਨ ਟਰੱਕ ਯੂਨੀਅਨ ਦੇ ਪ੍ਰਧਾਨ ਦੀ ਛਾਤੀ ’ਚ ਇੱਟ ਲੱਗਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ, ਕੁਝ ਦਿਨ ਪਹਿਲਾਂ ਟਰੱਕ ਯੂਨੀਅਨ ਮੁਕੇਰੀਆਂ ਦੀ ਜਗ੍ਹਾ ’ਤੇ ਕਥਿਤ ਤੌਰ ’ਤੇ ਪਿੰਡ ਗਾਲ੍ਹੜੀਆਂ ਦੇ ਸਰਪੰਚ ਅਤੇ ਸਥਾਨਕ ਜਿੰਮ ਮਾਲਕ ਸੰਦੀਪ ਸਿੰਘ ਉਰਫ ਸੰਨੀ ਵੱਲੋਂ ਵਿਵਾਦਤ ਤਰੀਕੇ ਨਾਲ ਕਬਜ਼ਾ ਕਰ ਲਿਆ ਗਿਆ ਸੀ। ਅੱਜ ਕਬਜ਼ਾ ਖਾਲੀ ਕਰਵਾਉਣ ਲਈ ਟਰੱਕ ਯੂਨੀਅਨ ਦੇ ਪ੍ਰਧਾਨ ਹਰਭਜਨ ਸਿੰਘ, ਵਾਸੀ ਪਿੰਡ ਤੱਗੜ ਕਲਾਂ, ਆਪਣੇ ਸਾਥੀਆਂ ਸਮੇਤ ਯੂਨੀਅਨ ਦਫਤਰ ’ਤੇ ਪਹੁੰਚੇ। ਜਿੱਥੇ ਕਥਿਤ ਜ਼ਮੀਨ ’ਤੋਂ ਕਬਜ਼ਾ ਛਡਵਾਉਣ ਵੇਲੇ ਇੱਥੇ ਪਹਿਲਾਂ ਤੋਂ ਮੌਜੂਦ ਲੋਕਾਂ ਵਿਚ ਤਕਰਾਰ ਵਧ ਗਿਆ। ਝਗੜੇ ਦੌਰਾਨ ਹਰਭਜਨ ਸਿੰਘ ਨੂੰ ਇੱਟ ਲੱਗਣ ਕਾਰਨ ਗੰਭੀਰ ਚੋਟਾਂ ਆਈਆਂ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਇਲਾਕੇ ’ਚ ਡਰ ਅਤੇ ਤਣਾਅ ਦਾ ਮਾਹੌਲ ਬਣ ਗਿਆ। ਸਥਾਨਕ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੰਜ ਵਿਅਕਤੀ ਨਾਮਜ਼ਦ
ਐੱਸ.ਐੱਚ.ਓ. ਜੋਗਿੰਦਰ ਸਿੰਘ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਘਟਨਾ ਸੰਬੰਧੀ ਐੱਫਆਈਆਰ ਨੰਬਰ-133 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ’ਚ ਸੰਦੀਪ ਸਿੰਘ ਪੁੱਤਰ ਨਾਹਰ ਸਿੰਘ ਵਾਸੀ ਪਿੰਡ ਗਾਲ੍ਹੜੀਆਂ ਸਮੇਤ 5 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਜਲਦ ਹੀ ਇਸ ਮਾਮਲੇ ’ਚ ਦੋਸ਼ੀਆ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।



