
ਹੁਸ਼ਿਆਰਪੁਰ, 21 ਜੁਲਾਈ : ਅੱਜ ਸਵੇਰੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਮੁਕੇਰੀਆਂ ਤੋਂ ਪਠਾਨਕੋਟ ਨੂੰ ਜਾਂਦੇ ਰਾਸ਼ਟਰੀ ਰਾਜਮਾਰਗ ਤੇ ਇਕ ਸੜਕ ਹਾਦਸੇ ਸਕੂਟਰੀ ਸਵਾਰ ਪਤੀ-ਪਤਨੀ ਦੀ ਮੌਤ ਹੋ ਗਈ। ਉਨ੍ਹਾਂ ਦਾ ਇਕ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ। ਇਹ ਘਟਨਾ ਅੱਜ ਸਵੇਰੇ ਉਸ ਸਮੇਂ ਵਾਪਰੀ ਜਦੋਂ ਇਕ ਅਣਪਛਾਤੇ ਟਰੱਕ ਨੇ ਮੁਕੇਰੀਆਂ ਵੱਲ ਆ ਰਹੇ ਸਕੂਟਰੀ ਸਵਾਰ ਪਤੀ-ਪਤਨੀ ਤੇ ਉਨ੍ਹਾਂ ਦੇ ਬੱਚੇ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਪਤੀ-ਪਤਨੀ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਉਨ੍ਹਾਂ ਦਾ 4 ਸਾਲਾ ਬੱਚਾ ਗੰਭੀਰ ਜ਼ਖਮੀ ਹੋ ਗਿਆ। ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਪ੍ਰੀਤਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਰਾਕੇਸ਼ ਕੁਮਾਰ ਤੇ ਅੰਜੂ ਬਾਲਾ ਵਜੋਂ ਹੋਈ ਹੈ। ਮ੍ਰਿਤਕ ਦੋਵੇਂ ਪਤੀ-ਪਤਨੀ ਸਨ ਅਤੇ ਮੁਕੇਰੀਆਂ ਦੇ ਪਿੰਡ ਭੱਟੀਆਂ ਰਾਜਪੂਤਾ ਦੇ ਵਾਸੀ ਸਨ। ਜਾਣਕਾਰੀ ਅਨੁਸਾਰ ਰਾਕੇਸ਼ ਕੁਮਾਰ ਆਪਣੀ ਪਤਨੀ ਅੰਜੂ ਤੇ 4 ਸਾਲ ਦੇ ਪੁੱਤਰ ਨਾਲ ਪਠਾਨਕੋਟ ਸਥਿਤ ਆਪਣੇ ਸਹੁਰੇ ਘਰ ਗਿਆ ਸੀ। ਅੱਜ ਵਾਪਸ ਆਉਂਦੇ ਸਮੇਂ ਮੁਕੇਰੀਆਂ ਕੋਲ ਪਿੰਡ ਮਾਸ਼ਾਪੁਰ ਨੇੜੇ ਇਕ ਅਣਪਛਾਤੇ ਟਰੱਕ ਨੇ ਉਨ੍ਹਾਂ ਨੂੰ ਸਾਈਡ ਤੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਰਾਕੇਸ਼ ਤੇ ਅੰਜੂ ਦੀ ਮੌਤ ਹੋ ਗਈ। ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀ ਬੱਚੇ ਨੂੰ ਤੁਰੰਤ ਮੁਕੇਰੀਆਂ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਮੁਕੇਰੀਆਂ ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਮੁਰਦਾਘਰ ’ਚ ਰੱਖ ਦਿੱਤਾ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।



