
ਲੁਧਿਆਣਾ, 22 ਜੁਲਾਈ : ਲੁਧਿਆਣਾ ਹੈਬੋਵਾਲ ਜੱਸੀਆਂ ਰੋਡ ਰੇਲਵੇ ਲਾਈਨਾਂ ਦੇ ਨੇੜੇ ਸੋਮਵਾਰ ਨੂੰ ਪੰਚਾਇਤੀ ਜ਼ਮੀਨ ’ਤੇ ਕਾਰਵਾਈ ਕਰਨ ਲਈ ਨਗਰ ਨਿਗਮ ਦੀ ਟੀਮ ਪਹੁੰਚੀ। ਮੌਕੇ ਤੇ ਪਹੁੰਚੇ ਸਰਪੰਚ ਅਤੇ ਕੌਂਸਲਰ ਭੁਪਿੰਦਰ ਕੌਰ ਦੇ ਪੁੱਤਰ ਨੇ ਇਲਾਕਾ ਨਿਵਾਸੀਆਂ ਨੂੰ ਨਾਲ ਲੈਕੇ ਵਿਰੋਧ ਕੀਤਾ ਅਤੇ ਕਾਰਵਾਈ ਕਰਨ ਆਈ ਨਗਰ ਨਿਗਮ ਦੀ ਟੀਮ ਨੂੰ ਵਾਪਸ ਭੇਜ ਦਿੱਤਾ। ਜਦੋਂ ਕਿ ਨਗਰ ਨਿਗਮ ਦੇ ਕਿਸੇ ਵੀ ਅਧਿਕਾਰੀ ਨੂੰ ਇਸ ਕਾਰਵਾਈ ਦੀ ਜਾਣਕਾਰੀ ਨਹੀਂ ਸੀ। ਮੌਕੇ ਤੇ ਲੋਕਾਂ ਨੇ ਇਹ ਵੀ ਕਿਹਾ ਕਿ ਨਿਗਮ ਕਰਮਚਾਰੀਆਂ ਕੋਲ ਕਿਸੇ ਕਿਸਮ ਦਾ ਨੋਟਿਸ ਨਹੀਂ ਸੀ। ਲੋਕਾਂ ਨੇ ਦੋਸ਼ ਲਾਇਆ ਕਿ ਪੁਲਿਸ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰ ਰਹੀ ਹੈ ਅਤੇ ਉਨ੍ਹਾਂ ਤੇ ਜਗ੍ਹਾ ਖਾਲੀ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ। ਇਸ ਸਬੰਧੀ ਇੱਕ ਨਿਵਾਸੀ ਨੇ ਪੂਰੇ ਮਾਮਲੇ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪੋਸਟ ਕੀਤੀ। ਜਿਸ ਵਿੱਚ ਝੁੱਗੀ-ਝੌਂਪੜੀ ਵਾਲਿਆਂ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਇੱਥੇ ਰਹਿ ਰਹੇ ਹਨ ਅਤੇ ਉਨ੍ਹਾਂ ਦੇ ਵੋਟਰ ਕਾਰਡ ਵੀ ਇੱਥੇ ਬਣੇ ਹੋਏ ਹਨ। ਉਨ੍ਹਾਂ ਨੂੰ ਨਾ ਤਾਂ ਖਾਲੀ ਕਰਨ ਦਾ ਕੋਈ ਨੋਟਿਸ ਦਿੱਤਾ ਗਿਆ ਅਤੇ ਨਾ ਹੀ ਜਗ੍ਹਾ ਖਾਲੀ ਕਰਨ ਆਈ ਨਿਗਮ ਟੀਮ ਕੋਲ ਕਿਸੇ ਅਧਿਕਾਰੀ ਦੇ ਕੋਈ ਹੁਕਮ ਸਨ। ਲੋਕਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਥਾਵਾਂ ’ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਨ੍ਹਾਂ ਨੂੰ ਖਾਲੀ ਕਰਨਾ ਚਾਹੀਦਾ ਹੈ, ਜਿਨ੍ਹਾਂ ਥਾਵਾਂ ’ਤੇ ਗਰੀਬ ਲੋਕ ਰਹਿ ਰਹੇ ਹਨ, ਉਨ੍ਹਾਂ ਨੂੰ ਜ਼ਬਰਦਸਤੀ ਖਾਲੀ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੌਸ਼ ਲਗਾਇਆ ਕਿ ਇਹ ਸਭ ਰਾਜਨੀਤਿਕ ਦਬਾਅ ਹੇਠ ਕੀਤਾ ਜਾ ਰਿਹਾ ਹੈ। ਮੌਕੇ ਤੇ ਮੌਜੂਦ ਸਰਪੰਚ ਨੇ ਇਹ ਵੀ ਕਿਹਾ ਕਿ ਨਾ ਤਾਂ ਉਨ੍ਹਾਂ ਨਾਲ ਕਾਰਵਾਈ ਲਈ ਗੱਲ ਕੀਤੀ ਗਈ ਅਤੇ ਨਾ ਹੀ ਕਾਰਵਾਈ ਲਈ ਆਏ ਕਰਮਚਾਰੀ ਉਨ੍ਹਾਂ ਨੂੰ ਕੁਝ ਦੱਸ ਰਹੇ ਹਨ ਕਿ ਉਨ੍ਹਾਂ ਨੂੰ ਕਿਸ ਨੇ ਕਾਰਵਾਈ ਲਈ ਭੇਜਿਆ ਹੈ। ਇਸ ਸਬੰਧੀ ਜ਼ੋਨ ਡੀ ਦੇ ਐਸਈ ਸ਼ਾਮ ਲਾਲ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਦੀ ਟੀਮ ਕਿਸੇ ਕਾਰਵਾਈ ਲਈ ਗਈ ਹੈ। ਉਧਰ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨੇ ਕਿਹਾ ਕਿ ਇਹ ਜਗ੍ਹਾ ਡਰੇਨੇਜ਼ ਵਿਭਾਗ ਦੀ ਹੈ, ਜਿੱਥੇ ਡਰੇਨੇਜ਼ ਸਿਸਟਮ ਲਗਾਇਆ ਜਾਵੇਗਾ ਤਾਂ ਜੋ ਜਦੋਂ ਰੇਲਵੇ ਪੁਲ ਦੇ ਹੇਠਾਂ ਪਾਣੀ ਇਕੱਠਾ ਹੋ ਜਾਵੇ ਤਾਂ ਉਸ ਨੂੰ ਬਾਹਰ ਕੱਢਿਆ ਜਾ ਸਕੇ। ਡਰੇਨੇਜ ਵਿਭਾਗ ਪੁਲਿਸ ਦੇ ਸਹਿਯੋਗ ਨਾਲ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ। ਦੂਜੇ ਪਾਸੇ, ਜਗਤਪੁਰੀ ਥਾਣੇ ਵਿੱਚ ਇੱਥੇ ਕਈ ਲੋਕਾਂ ਵਿਰੁੱਧ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਮਾਮਲੇ ਵੀ ਦਰਜ ਹਨ। ਇਸ ਲਈ ਪੁਲਿਸ ਉਨ੍ਹਾਂ ਨੂੰ ਜਗ੍ਹਾ ਖਾਲੀ ਕਰਨ ਲਈ ਕਹਿ ਰਹੀ ਹੈ ਤਾਂ ਜੋ ਅਪਰਾਧ ਨੂੰ ਰੋਕਿਆ ਜਾ ਸਕੇ।



