ਜੰਗਲਾਤ ਘੁਟਾਲਾ ਮਾਮਲੇ ‘ਚ ਫਸੇ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਖ਼ਿਲਾਫ਼ 5 ਅਗਸਤ ਨੂੰ ਹੋਵੇਗੀ ਅਗਲੀ ਸੁਣਵਾਈ

ਐੱਸਏਐੱਸ ਨਗਰ, 7 ਜੂਨ : ਜੰਗਲਾਤ ਘੁਟਾਲੇ ‘ਚ ਫਸੇ ਸਾਬਕਾ ਕਾਂਗਰਸੀ ਮੰਤਰੀ ਸੰਗਤ ਸਿੰਘ ਗਿਲਜੀਆਂ ਦੇ ਮਾਮਲੇ ਦੀ ਸੁਣਵਾਈ ਮੁਹਾਲੀ ਦੀ ਐਡੀਸ਼ਨਲ ਐਂਡ ਸੈਸ਼ਨ ਜੱਜ ਦੀ ਅਦਾਲਤ ਵਿੱਚ ਹੋਈ। ਕਾਰਵਾਈ ਦੌਰਾਨ ਉਨ੍ਹਾਂ ਦੇ ਵਕੀਲ ਹਾਜ਼ਰ ਰਹੇ ਅਤੇ ਟਰਾਇਲ ਵਿਚ ਸਹਿਯੋਗ ਦਿੱਤਾ। ਪਿਛਲੀ ਸੁਣਵਾਈ ਦੌਰਾਨ ਅਦਾਲਤ ਵੱਲੋਂ ਇਕ ਨਿੱਜੀ ਚੈਨਲ ਦੇ ਸੰਪਾਦਕ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ, ਪਰ ਉਹ ਅਦਾਲਤ ਵਿੱਚ ਹਾਜ਼ਰ ਨਹੀਂ ਹੋਏ। ਹੁਣ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 5 ਅਗਸਤ 2025 ਦੀ ਤਰੀਕ ਮੁਕਰਰ ਕੀਤੀ ਹੈ। ਗੌਰਤਲਬ ਹੈ ਕਿ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਸੰਗਤ ਸਿੰਘ ਗਿਲਜੀਆਂ ’ਤੇ ਦਰੱਖਤਾਂ ਦੀ ਕਟਾਈ ਨਾਲ ਜੁੜੇ ਘੁਟਾਲੇ ਵਿੱਚ ਸ਼ਾਮਲ ਹੋਣ ਦੇ ਗੰਭੀਰ ਇਲਜ਼ਾਮ ਹਨ। ਇਸ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਕਈ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਇਹ ਕੇਸ ਉਸ ਸਮੇਂ ਸਾਹਮਣੇ ਆਇਆ ਜਦੋਂ ਜੰਗਲਾਤ ਵਿਭਾਗ ਦੇ ਇਕ ਠੇਕੇਦਾਰ ਹਰਮੋਹਿੰਦਰ ਦੇ ਘਰੋਂ ਇਕ ਡਾਇਰੀ ਬਰਾਮਦ ਹੋਈ, ਜਿਸ ਵਿੱਚ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਨਾਲ ਜੁੜੇ ਗੰਭੀਰ ਖ਼ੁਲਾਸੇ ਹੋਏ। ਵਿਜੀਲੈਂਸ ਨੇ ਇਸ ਆਧਾਰ ‘ਤੇ ਸਾਧੂ ਸਿੰਘ ਧਰਮਸੋਤ ਅਤੇ ਹੋਰ ਕਈ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।



