
ਬਾਲ ਕਿਸ਼ਨ
ਫਿਰੋਜ਼ਪੁਰ, 31 ਅਗਸਤ : ਨਸ਼ਾ ਤਸਕਰੀ ਦੇ ਇਕ ਕੇਸ ਵਿਚ ਫੜੇ ਗਏ ਨੌਜਵਾਨ ਨੂੰ ਜੁਵੇਨਾਈਲ (ਨਾਬਾਲਗ) ਦਰਸਾਉਣ ਲਈ ਜਾਅਲੀ ਜਨਮ ਸਰਟੀਫਿਕੇਟ ਬਣਾਉਣ ਦੇ ਮਾਮਲੇ ਵਿਚ ਫਿਰੋਜ਼ਪੁਰ ਦੀ ਅਦਾਲਤ ਨੇ ਕਾਰਵਾਈ ਕਰਦਿਆਂ ਪੰਜ ਲੋਕਾਂ ਖਿਲਾਫ਼ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਹਨ। ਇਨ੍ਹਾਂ ਹੁਕਮਾਂ ਤੋਂ ਬਾਅਦ ਥਾਣਾ ਕੈਂਟ ਫਿਰੋਜ਼ਪੁਰ ਪੁਲਿਸ ਨੇ ਇਕ ਪੰਚ ਅਤੇ ਇਕ ਨੰਬਰਦਾਰ ਸਮੇਤ ਪੰਜ ਲੋਕਾਂ ਖਿਲਾਫ 337, 339, 340 ਅਤੇ 61 (2) ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਕੈਂਟ ਫਿਰੋਜ਼ਪੁਰ ਦੇ ਏਐੱਸਆਈ ਸਲਵਿੰਦਰ ਸਿੰਘ ਨੇ ਦੱਸਿਆ ਕਿ ਮਾਨਯੋਗ ਅਦਾਲਤ ਰਾਜਿੰਦਰ ਸਿੰਘ ਤੇਜੀ, ਜੀਐੱਮਆਈਸੀ ਫਿਰੋਜ਼ਪੁਰ ਵੱਲੋਂ ਇਕ ਹੁਕਮ ਨੰਬਰ 893 ਮਿਤੀ 28 ਅਗਸਤ 2025 ਬਜਰੀਆ ਡਾਕ ਪ੍ਰਾਪਤ ਹੋਇਆ। ਇਸ ਹੁਕਮ ਵਿਚ ਇਹ ਸਾਹਮਣੇ ਆਇਆ ਕਿ ਗੁਰਪ੍ਰੀਤ ਸਿੰਘ ਪੁੱਤਰ ਮਲੂਕ ਸਿੰਘ ਵਾਸੀ ਰੇੜਵਾ ਖਿਲਾਫ਼ 1 ਜਨਵਰੀ 2025 ਨੂੰ ਥਾਣਾ ਐੱਸਟੀਐੱਫ ਮੋਹਾਲੀ ਵਿਚ ਐੱਨਡੀਪੀਐੱਸ ਐਕਟ ਤਹਿਤ ਮੁਕੱਦਮਾ ਨੰਬਰ 01 ਦਰਜ ਕੀਤਾ ਗਿਆ ਸੀ। ਇਸ ਕੇਸ ਵਿਚ ਗੁਰਪ੍ਰੀਤ ਸਿੰਘ ਦੇ ਪਿਤਾ ਮਲੂਕ ਸਿੰਘ ਨੇ ਉਸ ਨੂੰ ਜੁਵੇਨਾਈਲ ਜਸਟਿਸ ਬੋਰਡ ਦਾ ਲਾਭ ਦਿਵਾਉਣ ਲਈ ਇਕ ਜਾਅਲੀ ਜਨਮ ਸਰਟੀਫਿਕੇਟ ਤਿਆਰ ਕਰਵਾਇਆ ਸੀ। ਮਾਨਯੋਗ ਅਦਾਲਤ ਨੇ ਇਸ ਧੋਖਾਧੜੀ ਦਾ ਗੰਭੀਰ ਨੋਟਿਸ ਲੈਂਦਿਆਂ ਮਲੂਕ ਸਿੰਘ ਪੁੱਤਰ ਬਲਵੀਰ ਸਿੰਘ, ਹਰਬੰਸ ਕੌਰ ਪਤਨੀ ਨਛੱਤਰ ਸਿੰਘ, ਹਰਬੰਸ ਸਿੰਘ ਪੰਚ ਅਤੇ ਮਹਿੰਦਰ ਸਿੰਘ ਨੰਬਰਦਾਰ ਵਾਸੀਅਨ ਰੇੜਵਾ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਖਿਲਾਫ਼ ਮਾਮਲਾ ਦਰਜ ਕਰਨ ਦਾ ਆਦੇਸ਼ ਦਿੱਤਾ। ਏਐੱਸਆਈ ਸਲਵਿੰਦਰ ਸਿੰਘ ਨੇ ਦੱਸਿਆ ਕਿ ਅਦਾਲਤ ਦੇ ਹੁਕਮਾਂ ਅਨੁਸਾਰ ਇਨ੍ਹਾਂ ਸਾਰੇ ਦੋਸ਼ੀਅਨ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।



